ਨੌਜਵਾਨ ਸਿੱਖੀ ਦੇ ਮੂਲ ਸਰੂਪ ਨਾਲ ਜੁੜਨ: ਗੜਗੱਜ
ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਖਾਲਸਾ ਮੀਰੀ-ਪੀਰੀ ਮਾਰਚ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ, ਘੁੱਕੇਵਾਲੀ ਵਿਖੇ ਪੁੱਜਿਆ। ਇੱਥੇ ਬਾਬਾ ਚਰਨ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਅਤੇ...
ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਖਾਲਸਾ ਮੀਰੀ-ਪੀਰੀ ਮਾਰਚ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ, ਘੁੱਕੇਵਾਲੀ ਵਿਖੇ ਪੁੱਜਿਆ। ਇੱਥੇ ਬਾਬਾ ਚਰਨ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਅਤੇ ਮੈਨੇਜਰ ਜਗਜੀਤ ਸਿੰਘ ਵਰਨਾਲੀ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਵੱਲੋਂ ਮਾਰਚ ਵਿੱਚ ਸ਼ਾਮਲ ਪ੍ਰਬੰਧਕਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਖਾਲਸਾ ਮਾਰਚ ਦਾ ਮੁੱਖ ਉਦੇਸ਼ ਸੰਗਤਾਂ ਨੂੰ ਗੁਰੂ ਪੰਥ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗੁਰੂ ਕਾ ਬਾਗ ਦੀ ਧਰਤੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਧਰਤੀ ’ਤੇ ਸਿੱਖ ਕੌਮ ਨੇ ਇਤਿਹਾਸਕ ਮੋਰਚਾ ਫਤਿਹ ਕਰ ਕੇ ਸਬਰ, ਸਿਦਕ ਅਤੇ ਅਹਿੰਸਕ ਸੰਘਰਸ਼ ਦੀ ਮਿਸਾਲ ਕਾਇਮ ਕੀਤੀ ਸੀ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਨੂੰ ਸਿੱਖੀ ਦੇ ਮੂਲ ਸਰੂਪ ਨਾਲ ਜੁੜੇ ਰਹਿਣ, ਕੇਸਾਂ ਦੀ ਸੰਭਾਲ ਕਰਨ ਅਤੇ ਸਿੱਖ ਇਤਿਹਾਸ ਤੇ ਗੁਰਬਾਣੀ ਦਾ ਅਧਿਐਨ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਕੌਰ ਤੇੜਾ, ਜਥੇਦਾਰ ਸੁਰਜੀਤ ਸਿੰਘ ਭਿੱਟੇਵੱਢ, ਗੁਰਵਿੰਦਰ ਸਿੰਘ ਗੋਸ਼ਾ, ਜਗਜੀਤ ਸਿੰਘ ਘੁੱਕੇਵਾਲੀ, ਗੁਰਲਾਲ ਸਿੰਘ ਖਤਰਾਏ ਕਲਾਂ, ਜਗਪਾਲ ਸਿੰਘ, ਨਰਿੰਦਰ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ ਰੱਬ, ਗੁਰਪ੍ਰੀਤ ਸਿੰਘ ਕਿਆਮਪੁਰ, ਬਘੇਲ ਸਿੰਘ, ਨੰਬਰਦਾਰ ਮਲੂਕ ਸਿੰਘ ਘੁੱਕੇਵਾਲੀ, ਗੁਰਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

