ਸਥਾਨਕ ਥਾਣੇ ਦੇ ਏ ਐੱਸ ਆਈ ਵੱਲੋਂ ਮਜ਼ਦੂਰ ਔਰਤਾਂ ਨਾਲ ਕਥਿਤ ਤੌਰ ’ਤੇ ਕੀਤੀ ਬਦਸਲੂਕੀ ਦੇ ਵਿਰੋਧ ’ਚ ਪੇਂਡੂ ਮਜ਼ਦੂਰ ਯੂਨੀਅਨ ਨੇ ਡੀ ਐੱਸ ਪੀ ਦਫਤਰ ਅੱਗੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੇਂਡੂ ਮਜ਼ਦੂਰ ਯੂਨੀਅਨ ਦੀ ਤਹਿਸੀਲ ਸ਼ਾਹਕੋਟ ਦੀ ਆਗੂ ਗੁਰਬਖਸ਼ ਕੌਰ ਸਾਦਿਕਪੁਰ ਨੇ ਦੱਸਿਆ ਕਿ ਪਿੰਡ ਫਾਜਿਲਵਾਲ ਵਿੱਚ ਇਕ ਮਾਮਲੇ ਵਿੱਚ ਏ ਐੱਸ ਆਈ ਸਰਵਨ ਸਿੰਘ ਨੇ ਹਰਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਸਬੰਧੀ ਜਦੋਂ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਤੇ ਹੋਰ ਔਰਤਾਂ ਥਾਣੇ ਪਹੁੰਚੀਆਂ ਤਾਂ ਉੱਥੇ ਮੌਜੂਦ ਏ ਐੱਸ ਆਈ ਨੇ ਔਰਤਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਅਕਸਰ ਹੀ ਗਰੀਬ ਮਜ਼ਦੂਰਾਂ ਨੂੰ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਨਾਲ ਧੱਕੇਸ਼ਾਹੀਆਂ ਕਰ ਰਹੇ ਹਨ। ਯੂਨੀਅਨ ਦੇ ਵਫ਼ਦ ਨੇ ਡੀ ਐੱਸ ਪੀ (ਸ਼ਾਹਕੋਟ) ਸੁਖਪਾਲ ਸਿੰਘ ਨਾਲ ਇਸ ਮਾਮਲੇ ਵਿੱਚ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਔਰਤਾਂ ਨਾਲ ਬਦਸਲੂਕੀ ਕਰਨ ਵਾਲੇ ਮੁਲਾਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਡੀ ਐੱਸ ਪੀ ਸੁਖਪਾਲ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਮੁਲਾਜ਼ਮ ਨੂੰ ਜਨਤਾ ਨਾਲ ਬਦਤਮੀਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਗੂਆਂ ਨੇ ਉਨ੍ਹਾਂ ਦੇ ਭਰੋਸੇ ’ਤੇ ਅਸੰਤੁਸਟੀ ਜ਼ਾਹਰ ਕਰਦਿਆਂ ਬਾਹਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਗੁਰਬਖਸ਼ ਕੌਰ ਨੇ ਕਿਹਾ ਕਿ ਜੇਕਰ ਉਕਤ ਏ ਐੱਸ ਆਈ ਨੇ ਜਨਤਕ ਤੌਰ ’ਤੇ ਮੁਆਫੀ ਨਾ ਮੰਗੀ, ਤਾਂ ਉਨ੍ਹਾਂ ਦੀ ਯੂਨੀਅਨ ਪੂਰੇ ਇਲਾਕੇ ਦੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢੇਗੀ।

