ਡੀ ਸੀ ਦਫ਼ਤਰ ਅੱਗੇ ਧਰਨੇ ਲਈ ਲਾਮਬੰਦੀ
ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਭਲਕੇ ਦੇਵੇਗਾ ਧਰਨਾ; ਪਿੰਡਾਂ ’ਚ ਮੀਟਿੰਗਾਂ ਜਾਰੀ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 6 ਜਨਵਰੀ ਨੂੰ ਡੀ ਸੀ ਦਫਤਰ ਜਲੰਧਰ ਅੱਗੇ ਧਰਨਾ ਲਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਵਜੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰ ਠੰਢ ਦੇ ਕਹਿਰ ’ਚ ਮਜ਼ਦੂਰਾਂ ਨੂੰ ਚੇਤਨ ਤੇ ਲਾਮਬੰਦ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਹਨ। ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਪਿੰਡ ਜਹਾਂਗੀਰ ਅਤੇ ਰਸੂਲਪੁਰ ਕਲਾਂ ਵਿੱਚ ਮਜ਼ਦੂਰਾਂ ਦੀਆਂ ਕਰਵਾਈਆਂ ਮੀਟਿੰਗਾਂ ਨੂੰ ਸੰਬੋਧਨ ਇਲਾਕਾ ਸ਼ਾਹਕੋਟ-ਨਕੋਦਰ ਦੇ ਪ੍ਰਧਾਨ ਹਰਪਾਲ ਬਿੱਟੂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਗਨਰੇਗਾ ਕਾਨੂੰਨ ਖ਼ਤਮ ਕਰਕੇ, ਚਾਰ ਲੇਬਰ ਕੋਡ ਲਾਗੂ ਕਰਕੇ ਆਪਣੀ ਸਦੀਆਂ ਪੁਰਾਣੀ ਮਨੂੰਵਾਦੀ ਸੋਚ ਨੂੰ ਲਾਗੂ ਕਰਦਿਆਂ ਪੂੰਜੀਪਤੀਆਂ ਅਤੇ ਜਾਗੀਰਦਾਰਾਂ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਇਸ਼ਾਰਿਆਂ ’ਤੇ ਚੱਲ ਕੇ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਤੋਂ ਬੇਜ਼ਮੀਨਿਆਂ ਦੇ ਹਰ ਸੰਘਰਸ਼ ਨੂੰ ਅਣਗੌਲਿਆ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ, ਮਜ਼ਦੂਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਮਨਵਾਉਣ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਅਤੇ ਪੱਤਰਕਾਰਾਂ ਉੱਪਰ ਦਰਜ਼ ਕੀਤੇ ਝੂਠੇ ਮੁਕੱਦਮੇ ਨੂੰ ਖਾਰਜ ਕਰਵਾਉਣ ਲਈ 6 ਜਨਵਰੀ ਨੂੰ ਖੇਤ ਮਜ਼ਦੂਰ ਡੀ.ਸੀ ਦਫਤਰ ਜਲੰਧਰ ਦੇ ਦਫਤਰ ਵਿਚ ਗਰਜਣਗੇ।

