Mega Moga Rally: ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਕਿਰਤੀਆਂ ਦੀ ਲਾਮਬੰਦੀ
ਨਿਊ ਡੈਮੋਕਰੇਸੀ ਵੱਲੋਂ ਮੋਗਾ ਰੈਲੀ ਲਈ ਪਿੰਡਾਂ ਵਿੱਚ ਜਾਗੋ ਮੁਹਿੰਮ ਅੱਜ ਤੋਂ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਆਰ ਐੱਸ ਐੱਸ-ਭਾਜਪਾ ਵੱਲੋਂ ਵਿੱਢੇ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ 26 ਸਤੰਬਰ ਨੂੰ ਦਾਣਾ ਮੰਡੀ ਮੋਗਾ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਸਬੰਧੀ ਇਲਾਕਾ ਕਰਤਾਰਪੁਰ ਅਤੇ ਭੁਲੱਥ-ਟਾਂਡਾ ਵਿੱਚ ਲਾਮਬੰਦੀ ਕੀਤੀ ਗਈ। ਇਸ ਵਿੱਚ ਪੰਜ ਸੌ ਤੋਂ ਵੱਧ ਕਿਰਤੀਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਇਸ ਸਬੰਧੀ 14 ਸਤੰਬਰ ਨੂੰ ਪਿੰਡ ਬੱਖੂ ਨੰਗਲ ਵਿਚ ਜਾਗੋ ਕੱਢੀ ਜਾਵੇਗੀ ਅਤੇ ਲੜੀਵਾਰ ਪਿੰਡ ਪਿੰਡ ਜਾਗੋ ਕੱਢ ਕੇ ਮਿਹਨਤਕਸ਼ਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਹ ਫ਼ੈਸਲਾ ਯੂਨੀਅਨ ਆਗੂਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ। ਇਸ ਮੌਕੇ ਕਾਮਰੇਡ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਫਾਸ਼ੀਵਾਦੀ ਹਮਲਿਆਂ ਨੂੰ ਪਿੱਛਲਮੋੜਾ ਦੇਣ ਲਈ ਜਨਤਕ ਲੋਕ ਲਹਿਰ ਖੜ੍ਹੀ ਕਰਨਾ ਸਮੇਂ ਦੀ ਅਹਿਮ ਲੋੜ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ, ਸਰਬਜੀਤ ਕੌਰ, ਇਸਤਰੀ ਜਾਗ੍ਰਿਤੀ ਮੰਚ ਦੇ ਜਸਵੀਰ ਕੌਰ ਜੱਸੀ, ਬਲਵਿੰਦਰ ਕੌਰ ਨੇ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ 26 ਸਤੰਬਰ ਨੂੰ ਮੋਗਾ ਵਿੱਚ ਹੋ ਰਹੀ ਵਿਸ਼ਾਲ ਰੈਲੀ ਵਿੱਚ ਸਾਥੀਆਂ ਸਮੇਤ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ।
ਇਫਟੂ ਵੱਲੋਂ ਬੂਲੇਵਾਲ ਵਿੱਚ ਮੀਟਿੰਗ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਫਾਸ਼ੀਵਾਦੀ ਨੀਤੀਆਂ ਵਿਰੁੱਧ ਮੋਗਾ ਰੈਲੀ ਦੇ ਸਮਰਥਨ ਵਿੱਚ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਵੱਲੋਂ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਪ੍ਰਚਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਇਥੋਂ ਨਜ਼ਦੀਕ ਪਿੰਡ ਬੂਲੇਵਾਲ ਵਿੱਚ ਵੱਸਣ ਸਿੰਘ ਮਿਸਤਰੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਆਗੂਆਂ ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਸ਼ਿਰਕਤ ਕੀਤੀ।

