ਪਿੰਡ ਕੱਲ੍ਹਾ ਵਿੱਚ ਲੰਘੇ ਦਿਨ ਸਾਬਕਾ ਅਕਾਲੀ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਰਕਰਾਂ ਨੂੰ ਆਪਣੇ ਨਾਲ ਜੁੜਨ ਲਈ ਆਖਣ ’ਤੇ ਵਰਕਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਪਿੰਡ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਦੀਆਂ ਸਰਗਰਮੀਆਂ ਚਲਾਉਣ ਲਈ ਪਿੰਡ ਪੱਧਰ ’ਤੇ ‘ਅਕਾਲੀ ਦਲ ਟੀਮ’ ਦਾ ਗਠਨ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਹਲਕੇ ਤੋਂ ਹਫ਼ਤਾ ਪਹਿਲਾਂ ਇਲਾਕੇ ਦੇ ਪਿੰਡ ਸ਼ੇਰੋਂ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਦੀ ਪਤਨੀ ਰਮਨਦੀਪ ਕੌਰ ਨੂੰ ਪਾਰਟੀ ਦਾ ਹਲਕਾ ਇੰਚਾਰਜ ਬਣਾਉਣ ਤੋਂ ਰਵਿੰਦਰ ਸਿੰਘ ਬ੍ਰਮਹਪੁਰਾ ਖਫ਼ਾ ਹਨ ਅਤੇ ਉਹ ਇਲਾਕੇ ’ਚ ਨਸ਼ਿਆਂ ਦੇ ਸਮਗਲਰਾਂ ਆਦਿ ਗ਼ੈਰ-ਸਮਾਜੀ ਅਨਸਰਾਂ ਖ਼ਿਲਾਫ਼ ਅਕਾਲੀ ਵਰਕਰਾਂ ਦੀਆਂ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਚਾਰਾਜੋਈ ਕਰ ਰਹੇ ਹਨ। ਉਹ ਅਵਤਾਰ ਸਿੰਘ ਬਿੱਲਾ ਨੂੰ ਹਮਾਇਤ ਦੇਣ ਤੋਂ ਇਨਕਾਰ ਕਰ ਰਹੇ ਹਨ। ਪਾਰਟੀ ਨੇ ਲੰਘੇ ਦਿਨ ਕੱਲ੍ਹਾ ਪਿੰਡ ਵਿੱਚ ਮੀਟਿੰਗ ਵਿੱਚ ਦਾਅਵਾ ਕੀਤਾ ਸੀ ਕਿ ਪਿੰਡ ਦੇ ਅਕਾਲੀ ਵਰਕਰਾਂ ਨੇ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਉੱਧਰ ਪਿੰਡ ਦੇ ਸਰਪੰਚ ਮਾਸਟਰ ਬਲਦੇਵ ਸਿੰਘ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਇਕੱਠ ਵਿੱਚ ਅਕਾਲੀ ਵਰਕਰਾਂ ਨੇ ਕਿਹਾ ਸੀ ਕਿ ਪਿੰਡ ਦੇ ਵਰਕਰਾਂ ਨੇ 14 ਮਾਰਚ ਨੂੰ ਮੀਟਿੰਗ ਵਿੱਚ ਪਹਿਲਾਂ ਹੀ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ ਹੋਇਆ ਹੈ। ਪਾਰਟੀ ਵਰਕਰਾਂ ਨੇ ਕਿਹਾ ਕਿ ਅਤੇ ਉਹ ਪਾਰਟੀ ਦੇ ਹੀ ਨਾਲ ਰਹਿਣਗੇ ਤੇ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨਗੇ।
ਕਿਸੇ ਨੂੰ ਆਪਣੇ ਹੱਕ ’ਚ ਭੁਗਤਣ ਲਈ ਨਹੀਂ ਕਿਹਾ: ਬ੍ਰਹਮਪੁਰਾ
ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਨ ਲਈ ਨਹੀਂ ਕਿਹਾ ਬਲਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਵੀ ਪਾਰਟੀ ਵੱਲੋਂ ਐਲਾਨੇ ਜਾਣ ਵਾਲੇ ਉਮੀਦਵਾਰ ਦੀ ਮਦਦ ਕਰਨਗੇ। ਦੂਜੇ ਪਾਸੇ ਬੀਬੀ ਰਮਨਦੀਪ ਕੌਰ ਨੇ ਵੀ ਆਪਣੀਆਂ ਸਰਗਰੀਆਂ ਤੇਜ ਕਰ ਦਿੱਤੀਆਂ ਹਨ।

