Hoshiarpur Bar Association ਚੋਣਾਂ ’ਚ ਔਰਤਾਂ ਨੇ ਇਤਿਹਾਸ ਰਚਿਆ
ਐਡਵੋਕੇਟ ਗੁਰਪ੍ਰੀਤ ਕੌਰ ਬਾਰ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਮੀਤ ਪ੍ਰਧਾਨ ਬਣੀ
ਐਡਵੋਕੇਟ ਗੁਰਪ੍ਰੀਤ ਕੌਰ ਨੇ ਹੁਸ਼ਿਆਰਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪਹਿਲੀ ਔਰਤ ਮੀਤ ਪ੍ਰਧਾਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀ ਹੁਸ਼ਿਆਰਪੁਰ ਤੋਂ ਪਹਿਲੀ ਚੁਣੀ ਗਈ ਔਰਤ ਮੈਂਬਰ ਡਾ. ਰਜਨੀ ਨੰਦਾ ਵੱਲੋਂ ਐਡਵੋਕੇਟ ਗੁਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਐਡਵੋਕੇਟ ਗੁਰਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਐਡਵੋਕੇਟ ਨੈਂਸੀ ਸ਼ਰਮਾ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਜੋਂ ਵੀ ਤਿੰਨ ਔਰਤਾਂ ਰਿਤਿਕਾ ਸਿੰਘ, ਚੇਤਨਾ ਕੁਮਰਾ ਅਤੇ ਮਨਦੀਪ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਬਾਰ ਐਸੋਸੀਏਸ਼ਨ ਵਿੱਚ ਔਰਤਾਂ ਦੀ ਇਹ ਵੱਡੀ ਨੁਮਾਇੰਦਗੀ ਕਾਨੂੰਨੀ ਖੇਤਰ ਵਿੱਚ ਮਹਿਲਾ ਸ਼ਕਤੀਕਰਨ ਵੱਲ ਇੱਕ ਬਹੁਤ ਵੱਡਾ ਕਦਮ ਮੰਨੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਨਵ-ਨਿਯੁਕਤ ਮੀਤ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਬਾਰ ਅਤੇ ਬੈਂਚ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰਨਗੇ। ਉਨ੍ਹਾਂ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ ਕਿ ਮਹਿਲਾ ਵਕੀਲਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨਾ ਉਨ੍ਹਾਂ ਦੀ ਪ੍ਰਮੁੱਖ ਪਹਿਲ ਹੋਵੇਗੀ। ਇਸ ਦੇ ਨਾਲ-ਨਾਲ ਬਾਰ ਐਸੋਸੀਏਸ਼ਨ ਵਿੱਚ ਜੋ ਵੀ ਬੁਨਿਆਦੀ ਸਹੂਲਤਾਂ ਹਾਲੇ ਅਧੂਰੀਆਂ ਹਨ, ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਐਡਵੋਕੇਟ ਪੰਚਮ ਸ਼ਰਮਾ, ਐਡਵੋਕੇਟ ਜੇਮਸ, ਡਾ. ਇਕਨੂਰ ਥਿਆੜਾ, ਐਡਵੋਕੇਟ ਗੁਰਪ੍ਰਸਾਦ, ਐਡਵੋਕੇਟ ਅਮਨਦੀਪ ਕੌਰ ਅਤੇ ਐਡਵੋਕੇਟ ਰਿਤਿਕਾ ਸਮੇਤ ਹੋਰਨਾਂ ਨੇ ਚੁਣੀ ਗਈ ਨਵੀਂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

