ਇੱਥੋਂ ਦੇ ਮੁਹੱਲਾ ਟਿੱਬੀ ਵਿੱਚ ਬੁੱਧਵਾਰ ਨੂੰ ਪਤੀ-ਪਤਨੀ ਵਿਚਾਲੇ ਹੋਈ ਹੱਥੋਪਾਈ ਦੌਰਾਨ ਪਤਨੀ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ, ਜਦਕਿ ਪਤੀ ਵੀ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਮੌਕੇ ’ਤੇ ਮੌਜੂਦ ਸੁਖਦੇਵ ਸਿੰਘ ਲੱਲ ਨੇ ਦੱਸਿਆ ਕਿ ਪਤੀ-ਪਤਨੀ ਕਰੀਬ 15-20 ਦਿਨ ਪਹਿਲਾਂ ਹੀ ਇੱਥੇ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣ ਲਈ ਆਏ ਸਨ। ਬੁੱਧਵਾਰ ਸ਼ਾਮ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜੋ ਬਾਅਦ ਵਿੱਚ ਹੱਥੋਪਾਈ ਵਿੱਚ ਬਦਲ ਗਈ। ਇਸ ਦੌਰਾਨ ਦੋਵਾਂ ਵੱਲੋਂ ਇੱਕ-ਦੂਜੇ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਚਾਕੂ ਲੱਗਣ ਕਾਰਨ ਜਸਵਿੰਦਰ ਕੌਰ ਦੀ ਮੌਤ ਹੋ ਗਈ, ਜਦਕਿ ਗੁਰਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੇ ਪੁਲੀਸ ਨੇ ਉਸ ਨੂੰ ਸੁਰੱਖਿਆ ਹੇਠ ਦਾਖ਼ਲ ਕਰਵਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਪੀ ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜ਼ਖ਼ਮੀ ਪਤੀ ਨੂੰ ਹਸਪਤਾਲ ਵਿੱਚ ਸੁਰੱਖਿਆ ਹੇਠ ਰੱਖਿਆ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਘਟਨਾ ਸਬੰਧੀ ਪੂਰੀ ਸਥਿਤੀ ਸਪਸ਼ਟ ਹੋਵੇਗੀ। ਇਸੇ ਦੌਰਾਨ ਡੀ ਐੱਸ ਪੀ ਪਲਵਿੰਦਰ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ।

