ਸਰਹੱਦੀ ਕਸਬਾ ਖਾਲੜਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਦੇਰ ਸ਼ਾਮ ਅਚਾਨਕ ਬਦਲੇ ਮੌਸਮ ਨੇ ਕਿਸਾਨਾਂ ਨੂੰ ਫ਼ਿਕਰਾਂ ਦੇ ਵਿੱਚ ਪਾ ਦਿੱਤਾ ਹੈ। ਇੱਥੇ ਹਨੇਰੀ ਮਗਰੋਂ ਮੀਂਹ ਪਿਆ ਅਤੇ ਕੁਝ ਸਮੇਂ ਬਾਅਦ ਗੜੇ ਵੀ ਪਏ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਅਨੁਸਾਰ ਅਚਾਨਕ ਆਏ ਇਸ ਮੌਸਮੀ ਬਦਲਾਅ ਕਾਰਨ ਕਣਕ ਜ਼ਮੀਨ ’ਤੇ ਵਿਛ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਗੜ੍ਹਿਆਂ ਕਾਰਨ ਬੱਲੀਆਂ ਵਿੱਚੋਂ ਦਾਣੇ ਝੜ ਗਏ ਹਨ। ਇਸ ਕਾਰਨ ਪੈਦਾਵਾਰ ’ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਹੈ। ਇਸ ਵੇਲੇ ਫ਼ਸਲ ਅਖੀਰਲੇ ਪੜਾਅ ’ਤੇ ਸੀ ਅਤੇ ਉਨ੍ਹਾਂ ਨੂੰ ਚੰਗੀ ਉਪਜ ਦੀ ਆਸ ਸੀ ਪਰ ਇਸ ਆਫ਼ਤ ਨੇ ਉਨ੍ਹਾਂ ਦੀ ਮਿਹਨਤ ਨੂੰ ਵੱਡਾ ਝਟਕਾ ਦਿੱਤਾ ਹੈ।
ਪਿੰਡ ਖਾਲੜਾ ਦੇ ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਕਣਕ ਦੀ ਫ਼ਸਲ ਨੂੰ ਮਿਹਨਤ ਨਾਲ ਪਾਲ ਰਹੇ ਸਨ। ਇਸ ਤੋਂ ਪਹਿਲਾਂ ਪਏ ਮੀਂਹ ਕਾਰਨ ਵੀ ਕਣਕ ਨੂੰ ਕਾਫ਼ੀ ਨੁਕਸਾਨ ਪੁੱਜਾ ਸੀ ਅਤੇ ਹੁਣ ਪਏ ਗੜ੍ਹਿਆਂ ਨੇ ਬਚੀ ਹੋਈ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਕਿਸਾਨ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਵੀ ਖ਼ਰਾਬ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਦੇਰ ਰਾਤ ਤੱਕ ਖਾਲੜਾ ਵਿੱਚ ਮੀਂਹ ਪੈ ਰਿਹਾ ਸੀ।

