Water Pipe Burst: ਖੱਡਿਆਂ ਵਿੱਚ ਪਾਣੀ ਭਰਨ ਕਾਰਨ ਜ਼ਮੀਨ ਧਸੀ
ਨਵੇਂ ਪਾ ਰਹੇ ਸੀਵਰੇਜ ਵਾਲੇ ਪਾਈਪਾਂ ਵਾਲੇ ਖੱਡਿਆਂ ’ਚ ਪਾਣੀ ਭਰਨ ਕਾਰਨ ਹਾਦਸਾ ਵਾਪਰਿਆ
ਇੱਥੇ ਅੱਜ ਅਜੀਤ ਮਾਰਕੀਟ ਨੇੜੇ ਵਾਰਡ ਨੰਬਰ 6 ਵਿੱਚ ਜਲ ਸਪਲਾਈ ਦੀ ਪਾਈਪ ਟੁੱਟਣ ਕਾਰਨ ਨਵੇਂ ਪਾਏ ਜਾ ਰਹੇ ਸੀਵਰੇਜ ਵਾਲੇ ਪਾਈਪਾਂ ਵਾਲੇ ਖੱਡਿਆਂ ਵਿੱਚ ਜ਼ਿਆਦਾ ਪਾਣੀ ਭਰ ਜਾਣ ਕਰ ਕੇ ਸੜਕ ਦੇ ਨਾਲ-ਨਾਲ ਜ਼ਮੀਨ ਹੇਠਾਂ ਧੱਸ ਗਈ। ਇਸ ਦੌਰਾਨ ਪਹਿਲਾਂ ਕਾਰ ਫਸ ਗਈ। ਮਗਰੋਂ ਦੇਖਦਿਆਂ ਹੀ ਦੇਖਦਿਆਂ ਸਬਜ਼ੀ ਵਾਲੇ ਰੇਹੜੀ ਟੋਏ ਵਿੱਚ ਹੇਠਾਂ ਜਾਣ ਲੱਗੀ ਤਾਂ ਪਿੱਛੋਂ ਪਾਣੀ ਬੰਦ ਕਰਵਾ ਕੇ ਲੋਕਾਂ ਦੇ ਸਹਿਯੋਗ ਨਾਲ ਸਬਜ਼ੀ ਵਿਕਰੇਤਾ ਨੂੰ ਸਬਜੀਆਂ ਸਣੇ ਬਚਾਇਆ ਗਿਆ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਹ ਸਭ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਦਾ ਸਿੱਟਾ ਹੈ। ਵਿਕਾਸ ਮੰਚ ਗੜ੍ਹਸ਼ੰਕਰ ਦੇ ਆਗੂ ਕੁਲਵਿੰਦਰ ਸੰਘਾ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਇਸਦਾ ਲੋੜੀਂਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਸੀਵਰੇਜ ਪਾਉਣ ਵਾਲੇ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਹੈ। ਸੜਕ ਦਾ ਕਿਨਾਰਾ ਹੋਣ ਕਾਰਨ ਕੋਈ ਭਾਰੀ ਵਾਹਨ ਉਪਰੋਂ ਗੁਜ਼ਰਨ ’ਤੇ ਅਜਿਹਾ ਵਾਪਰ ਗਿਆ ਜਾਪਦਾ ਹੈ ਪਰ ਇਸ ਨੂੰ ਤੁਰੰਤ ਠੀਕ ਕਰ ਰਹੇ ਹਾਂ। ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਰਹੇਗੀ। ਸਵੇਰ ਤੱਕ ਠੀਕ ਕਰ ਦਿੱਤਾ ਜਾਵੇਗਾ। ਵਾਰਡ ਕੌਂਸਲਰ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਜਲਦੀ ਹੱਲ ਕੀਤਾ ਜਾਵੇਗਾ।
ਮਾਡਲ ਟਾਊਨ ਦੇ ਵਾਸੀਆਂ ਨੇ ਖੁਦ ਬਣਵਾਈ ਸੜਕ
ਫਗਵਾੜਾ (ਜਸਵੀਰ ਸਿੰਘ ਚਾਨਾ): ਸ਼ਹਿਰ ਦੇ ਪ੍ਰਮੁੱਖ ਖੇਤਰ ਮਾਡਲ ਟਾਊਨ ਵਿੱਚ ਪਿਛਲੇ ਕਈ ਸਾਲਾਂ ਤੋਂ ਸੜਕ ਦੀ ਮੁਰੰਮਤ ਨਾ ਹੋਣ ਤੋਂ ਦੁਖੀ ਹੋ ਕੇ ਮੁਹੱਲਾ ਵਾਸੀਆਂ ਵੱਲੋਂ ਸੜਕ ਦੀ ਖੁਦ ਮੁਰੰਮਤ ਕਰਵਾ ਕੇ ਆਪਣੇ ਲਾਂਘੇ ਨੂੰ ਠੀਕ ਕਰਵਾ ਲਿਆ ਗਿਆ ਹੈ। ਮੁਹੱਲਾ ਵਾਸੀ ਸੁਦਾਗਰ ਸਿੰਘ ਨੇ ਦੱਸਿਆ ਕਿ ਗੀਤਾ ਭਵਨ ਤੋਂ ਟਿੱਬੀ ਫ਼ਾਟਕ ਸਾਈਡ ਨੂੰ ਜਾਣ ਵਾਲੀ ਸੜਕ ਜੋ ਬਿਜਲੀ ਦਫ਼ਤਰ ਦੇ ਅੱਗੋਂ ਲੰਘਦੀ ਹੈ ਤੇ ਇਸ ਸੜਕ ਬਣੀ ਨੂੰ ਅੱਠ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਸੜਕ ’ਤੇ ਕਾਫ਼ੀ ਖੱਡੇ ਪਏ ਹੋਏ ਹਨ ਤੇ ਸੜਕ ਦੀ ਮੁਰੰਮਤ ਲਈ ਨਗਰ ਨਿਗਮ ਅਧਿਕਾਰੀਆਂ ਤੇ ਸਬੰਧਤ ਕੌਂਸਲਰਾ ਨਾਲ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਹੋ ਸਕਿਆ। ਹੁਣ ਸੁਦਾਗਰ ਸਿੰਘ ਤੇ ਗੁਰਵਿੰਦਰ ਸਿੰਘ ਤੁਲੀ ਨੇ ਆਪਣੀ ਜੇਬ੍ਹ ’ਚੋਂ ਕਰੀਬ ਡੇਢ ਲੱਖ ਰੁਪਏ ਦੀ ਰਾਸ਼ੀ ਖ਼ਰਚ ਸੜਕ ਬਣਾਈ ਗਈ ਹੈ। ਇਸ ਨੂੰ ਦੇਖ ਦੇ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ

