ਸ਼ਾਹਪੁਰਕੰਡੀ ਡੈਮ ਤੋਂ ਸਿੰਜਾਈ ਲਈ ਪਾਣੀ ਸ਼ੁਰੂ
ਸ਼ਾਹਪੁਰਕੰਡੀ ਡੈਮ (ਬੈਰਾਜ ਪ੍ਰਾਜੈਕਟ) ਤੋਂ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਪਹਿਲੀ ਵਾਰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਲ ਸਰੋਤ ਵਿਭਾਗ ਨੇ ਸ਼ਾਹਪੁਰਕੰਡੀ ਡੈਮ ਦੇ ਸੱਤ ਗੇਟਾਂ ’ਚੋਂ ਪਹਿਲੇ ਗੇਟ ਨੂੰ ਦੋ ਫੁੱਟ ਉਪਰ ਚੁੱਕ ਕੇ...
ਸ਼ਾਹਪੁਰਕੰਡੀ ਡੈਮ (ਬੈਰਾਜ ਪ੍ਰਾਜੈਕਟ) ਤੋਂ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਪਹਿਲੀ ਵਾਰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਲ ਸਰੋਤ ਵਿਭਾਗ ਨੇ ਸ਼ਾਹਪੁਰਕੰਡੀ ਡੈਮ ਦੇ ਸੱਤ ਗੇਟਾਂ ’ਚੋਂ ਪਹਿਲੇ ਗੇਟ ਨੂੰ ਦੋ ਫੁੱਟ ਉਪਰ ਚੁੱਕ ਕੇ 10 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।
ਇਹ ਪਾਣੀ ਸ਼ਾਹਪੁਰਕੰਡੀ ਡੈਮ ਦੀ ਬਣਾਈ ਗਈ ਹਾਈਡਲ ਨਹਿਰ ਦੇ ਨਾਲ-ਨਾਲ ਉਸਾਰੇ ਗਏ ਤਿੰਨ ਸੂਇਆਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਰਾਜਪੁਰਾ, ਕਮਵਾਲ, ਜੈਨੀ, ਜੰਦਰਾਈ, ਛੰਨੀ ਅਤੇ ਹੋਰ ਪਿੰਡਾਂ ਦੇ ਖੇਤਾਂ ਤੱਕ ਪੁੱਜਣਾ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਝੋਨੇ ਦੀ ਲਵਾਈ ਲਈ ਇਹ ਪਾਣੀ ਛੱਡਣਾ ਸ਼ੁਰੂ ਕੀਤਾ ਗਿਆ ਹੈ।
ਸਿੰਜਾਈ ਵਿਭਾਗ ਦੇ ਐੱਸ ਡੀ ਓ ਰਾਜੀਵ ਕੁਮਾਰ ਅਤੇ ਸਹਾਇਕ ਇੰਜਨੀਅਰ ਵਿਸ਼ਾਲ ਅੱਤਰੀ ਨੇ ਦੱਸਿਆ ਕਿ ਇਸ ਨਹਿਰ ਤੋਂ ਸਿੰਜਾਈ ਲਈ ਪਾਣੀ ਛੱਡਣ ਲਈ ਕੁੱਲ ਪੰਜ ਸੂਏ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਤਿੰਨ ਮੁਕੰਮਲ ਹੋ ਚੁੱਕੇ ਹਨ ਅਤੇ ਦੋ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਜੋ ਤਿੰਨ ਸੂਏ ਮੁਕੰਮਲ ਹੋ ਚੁੱਕੇ ਹਨ ਉਨ੍ਹਾਂ ਵਿੱਚ ਪਾਣੀ ਦੇਣਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਇਆਂ ਦੇ ਪਾਣੀ ਨਾਲ 20 ਪਿੰਡਾਂ ਦੇ ਕਿਸਾਨਾਂ ਦੀ 5,000 ਏਕੜ ਭੂਮੀ ਦੀ ਸਿੰਜਾਈ ਹੋ ਸਕੇਗੀ। ਇਨ੍ਹਾਂ ਪਿੰਡਾਂ ਵਿੱਚ ਪੱਡਿਆਂ ਲਾਹੜੀ, ਚੱਕ ਮਿਨਹਾਸਾਂ, ਕਾਹਨਪੁਰ, ਘੋਹ, ਥਰਿਆਲ, ਮੁਦਫਰਕਾ, ਰਾਣੀਪੁਰ, ਜੰਦਰਾਈ, ਜੈਣੀ, ਛੰਨੀ, ਰਾਜਪੁਰਾ ਆਦਿ ਪਿੰਡ ਸ਼ਾਮਲ ਹਨ।

