ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜਨਵਰੀ
ਕਰੋਨਾ ਵੈਕਸੀਨ ਦੇ ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਵਿਚ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਰਦਿਆਂ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ 20 ਹਜ਼ਾਰ ਤੋਂ ਵੱਧ ਖ਼ੁਰਾਕਾਂ ਜ਼ਿਲ੍ਹੇ ਨੂੰ ਪ੍ਰਾਪਤ ਹੋਈਆਂ ਹਨ। ਜ਼ਿਲ੍ਹੇ ਵਿੱਚ 3 ਸਥਾਨਾਂ ਸਿਵਲ ਹਸਪਤਾਲ, ਮੈਡੀਕਲ ਕਾਲਜ ਅਤੇ ਸੀਐਚਸੀ ਵੇਰਕਾ ਤੋਂ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਨ੍ਹਾਂ ਸਥਾਨਾਂ ’ਤੇ 300 ਦੇ ਕਰੀਬ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਗਿਆ। ਅੱਜ ਇੱਥੇ ਸਿਵਲ ਸਰਜਨ ਦਫ਼ਤਰ ਦੇ ਡਾ. ਕਰਨ ਮਹਿਰਾ, ਸਿਵਲ ਹਸਪਤਾਲ ਦੇ ਡਾ. ਦਿਗਵਿਜੈ, ਡਾ. ਸਮੀਰ ਸ਼ਰਮਾ, ਡਾ. ਬੱਬੀਕਾ, ਡਾ. ਮੀਨਾਕਸ਼ੀ, ਡਾ. ਹਰਜੋਤ, ਡਾ. ਹਰਕੀਰਤ ਸਿੰਘ ਸਣੇ ਹੋਰ ਡਾਕਟਰਾਂ ਨੂੰ ਟੀਕਾ ਲਾਇਆ ਗਿਆ।
ਭੁਲੱਥ (ਪੱਤਰ ਪ੍ਰੇਰਕ): ਭੁਲੱਥ ਤੇ ਡਿਵੀਜ਼ਨਲ ਸਰਕਾਰੀ ਹਸਪਤਾਲ ਵਿੱਚ ਕਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਗਈ। ਐੱਸਐੱਮਓ ਡਾ. ਦੇਸ ਰਾਜ ਭਾਰਤੀ ਨੇ ਦੱਸਿਆ ਕਿ ਅੱਜ ਕਪੂਰਥਲਾ ਜ਼ਿਲ੍ਹੇ ਦੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਬਾਗਾਂ ਦੀ ਅਗਵਾਈ ਹੇਠ ਛੇ ਸਿਹਤ ਕਰਮਚਾਰੀਆਂ ਨੂੰ ਇਸ ਦੀ ਡੋਜ਼ ਦਿੱਤੀ ਗਈ। ਡਾ. ਭਾਰਤੀ ਨੇ ਕਿਹਾ ਇਹ ਵੈਕਸੀਨ ਗਰਭਵਤੀ ਔਰਤਾਂ, ਬੱਚਿਆਂ ਤੇ ਕਿਸੇ ਵੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਨਹੀਂ ਦਿੱਤੀ ਜਾਵੇਗੀ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਅੱਜ ਪਹਿਲੇ ਦਿਨ 136 ਸਿਹਤ ਵਰਕਰਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ। ਇਨ੍ਹਾਂ ਵਿੱਚ 41 ਸਿਵਲ ਹਸਪਤਾਲ, 36 ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਅਤੇ 59 ਸਿਵਲ ਹਸਪਤਾਲ ਨਕੋਦਰ ਦੇ ਮੁਲਾਜ਼ਮ ਸ਼ਾਮਲ ਹਨ। ਪਹਿਲਾ ਟੀਕਾ ਸਿਵਲ ਹਸਪਤਾਲ ਦੇ ਸੇਵਾਮੁਕਤ ਐੱਸਐੱਮਓ ਡਾ. ਕਸ਼ਮੀਰੀ ਲਾਲ ਨੇ ਲਗਵਾਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੇ ਅੱਜ ਪਹਿਲੀ ਕੋਵਿਡ ਵੈਕਸੀਨ ਦੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ 28 ਦਿਨਾਂ ਬਾਅਦ ਦਿੱਤੀ ਜਾਵੇਗੀ।
ਡੀਸੀ ਘਨਸ਼ਿਆਮ ਥੋਰੀ ਵੱਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਚ ਸ਼ੁਰੂ ਕੀਤੇ ਟੀਕਾਕਰਨ ਦਾ ਜਾਇਜ਼ਾ ਲਿਆ। ਇਸ ਦੌਰਾਨ ਪਹਿਲੇ ਪੜਾਅ ਅਧੀਨ ਸੂਚੀਬੱਧ ਕੀਤੇ ਗਏ 11,800 ਸਿਹਤ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵੈਕਸੀਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ।
ਗੁਰਦਾਸਪੁਰ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਸਿਵਲ ਹਸਪਤਾਮ ਵਿਚ ਕੋਵਿਡ-19 ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਰਜਿਸਟਰਡ ਹੋਏ ਕਰੀਬ 9 ਹਜ਼ਾਰ ਸਰਕਾਰੀ ਅਤੇ ਪ੍ਰਾਈਵੇਟ ਹੈਲਥ ਵਰਕਰਾਂ ਦਾ ਟੀਕਾਕਰਨ ਕੀਤਾ ਜਾਵੇਗਾ।
ਪਠਾਨਕੋਟ (ਪੱਤਰ ਪ੍ਰੇਰਕ): ਅੱਜ ਸਿਵਲ ਹਸਪਤਾਲ ਵਿੱਚ ਵਿਧਾਇਕ ਅਮਿਤ ਵਿਜ ਨੇ ਕੋਵਿਡ-19 ਦੀ ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਹਰਵਿੰਦਰ ਸਿੰਘ, ਐਸਐਮਓ ਡਾ. ਸਰਪਾਲ, ਡਾ. ਮਨਿੰਦਰ ਸਿੰਘ, ਪੰਨਾ ਲਾਲ ਭਾਟੀਆ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਵਿਧਾਇਕ ਸ੍ਰੀ ਵਿਜ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਦੀਆਂ ਤਿੰਨ ਸਬ-ਡਵੀਜ਼ਨਾਂ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਦੇ ਹਸਪਤਾਲਾਂ ਵਿਚ ਅੱਜ ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਸ਼ੁਰੂ ਹੋਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਕੁੱਲ 64 ਸਿਹਤ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਗਈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੀਬ 8 ਹਜ਼ਾਰ ਲਾਭਪਾਤਰੀਆਂ ਨੂੰ ਪਹਿਲੇ ਫ਼ੇਜ਼ ਦੌਰਾਨ ਕਵਰ ਕੀਤਾ ਜਾਵੇਗਾ। ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਗੜ੍ਹਸ਼ੰਕਰ ’ਚ 81, ਦਸੂਹਾ ’ਚ 100 ਅਤੇ ਮੁਕੇਰੀਆਂ ’ਚ 95 ਹੈਲਥ ਕੇਅਰ ਵਰਕਰਾਂ ਨੂੰ ਕੋਵਿਡ ਵੈਕਸੀਨ ਦਿੱਤੀ ਜਾ ਰਹੀ ਹੈ।
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕੀਤੀ। ਪਹਿਲਾ ਟੀਕਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਨੇ ਲਗਵਾਇਆ। ਇਸ ਮੌਕੇ ਸ਼੍ਰੀ ਬਾਜਵਾ ਨੇ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰਾਸ਼ਨ ਡੀਪੂਜ਼ ਦੀ ਵੰਡ ਵੀ ਕੀਤੀ।
ਤਰਨ ਤਾਰਨ (ਪੱਤਰ ਪ੍ਰੇਰਕ): ਅੱਜ ਜ਼ਿਲ੍ਹੇ ਅੰਦਰ ਸ਼ੁਰੂ ਕੀਤੀ ਕਰੋਨਾ ਟੀਕਾਕਰਨ ਮੁਹਿੰਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਕੁਲੰਵਤ ਸਿੰਘ, ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਸਿਵਲ ਹਸਪਤਾਲ ਵਿਚ ਕੀਤਾ ਗਿਆ। ਪਹਿਲਾ ਟੀਕਾ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੂੰ ਲਗਾਇਆ ਗਿਆ।
ਘੱਟ ਗਿਣਤੀ ਵਿਚ ਪੁੱਜੇ ਸਿਹਤ ਕਾਮੇ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਵੈਕਸੀਨ ਦੇ ਬਾਰੇ ਡਰ ਹੋਣ ਕਾਰਨ ਟੀਕਾਕਰਨ ਦੇ ਪਹਿਲੇ ਦਿਨ ਅੱਜ ਕਾਫ਼ੀ ਘੱਟ ਗਿਣਤੀ ਵਿਚ ਹੈਲਥ ਵਰਕਰ ਟੀਕਾ ਲਾਉਣ ਲਈ ਪੁੱਜੇ। ਅੱਜ ਲਗਪਗ 300 ਸਿਹਤ ਕਾਮਿਆਂ ਨੂੰ ਟੀਕਾ ਲਾਉਣ ਦਾ ਟੀਚਾ ਰੱਖਿਆ ਗਿਆ ਸੀ ਪਰ ਸਿਰਫ 78 ਨੂੰ ਹੀ ਟੀਕੇ ਲੱਗੇ ਹਨ। ਇਨ੍ਹਾਂ ਵਿਚ ਵੀ ਕੁਝ ਅਜਿਹੇ ਵਿਅਕਤੀ ਸ਼ਾਮਲ ਸਨ, ਜੋ ਸਵੈ ਇੱਛਾ ਨਾਲ ਟੀਕਾ ਲਵਾਉਣ ਲਈ ਆ ਗਏ ਸਨ। ਸਿਹਤ ਅਧਿਕਾਰੀਆਂ ਨੇ ਮੰਨਿਆ ਕਿ ਟੀਕਾਕਰਨ ਦੇ ਨਤੀਜਿਆਂ ਨੂੰ ਦੇਖਣ ਤੋਂ ਬਾਅਦ ਭਲਕੇ ਤੋਂ ਵਧੇਰੇ ਸਿਹਤ ਕਾਮੇ ਟੀਕਾਕਰਨ ਲਈ ਪੁੱਜਣ ਦੀ ਉਮੀਦ ਹੈ।