ਗੁਰਦੇਵ ਸਿੰਘ ਗਹੂੰਣ
ਬਲਾਚੌਰ, 25 ਅਕਤੂਬਰ
ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕੰਢੀ ਸੰਘਰਸ਼ ਕਮੇਟੀ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ, ਮਜ਼ਦੂਰਾਂ, ਪੰਚਾਂ, ਸਰਪੰਚਾਂ ਅਤੇ ਨੰਬਰਦਾਰਾਂ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬਲਾਚੌਰ ਤਹਿਸੀਲ ’ਚ ਪੈਂਦੇ ਕਰਾਵਰ ਅਤੇ ਜੀਓਵਾਲ ਬੱਛੂਆਂ ਟੌਲ ਪਲਾਜ਼ਿਆਂ ਉੱਤੇ ਅੱਜ ਦੁਸਹਿਰੇ ਵਾਲੇ ਦਿਨ ਤਿਉਹਾਰ ਅਤੇ ਸੰਘਰਸ਼ ਦਾ ਰੋਹਲਾ ਰੰਗ ਵੇਖਣ ਨੂੰ ਮਿਲਿਆ। ਇਨ੍ਹਾਂ ਵਿਸ਼ਾਲ ਰੋਸ ਧਰਨਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਮਰਾਜੀਆਂ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਪੁਤਲੇ ਬਣਾ ਕੇ ਉਨ੍ਹਾਂ ਨੂੰ ਅੱਗ ਲਗਾਈ ਗਈ। ਕਰਾਵਰ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੰਜਾਬੀ ਫਿਲਮਾਂ ਦੇ ਕਲਾਕਾਰ ਯੋਗ ਰਾਜ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਖਾਤਰ ਖੇਤੀ ਕਾਨੂੰਨ ਲਿਆ ਕੇ ਦੇਸ਼ ਦੀ ਕਿਸਾਨੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਹੈ। ਇਸ ਧਰਨੇ ਨੂੰ ਕਾਮਰੇਡ ਰਘੂਨਾਥ ਸਿੰਘ, ਕਾਮਰੇਡ ਮਹਾਂ ਸਿੰਘ ਰੌੜੀ, ਰਾਣਾ ਕਰਨ ਸਿੰਘ, ਮੈਡਮ ਸੰਤੋਸ਼ ਕਟਾਰੀਆ ਅਤੇ ਜਸਪਾਲ ਸਿੰਘ ਜਾਡਲੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।