punjab politics: ਕੇਂਦਰੀ ਸਿੱਖਿਆ ਮੰਤਰੀ ਅਸਤੀਫਾ ਦੇਣ: ਪਰਗਟ ਸਿੰਘ
ਕਾਂਗਰਸ ਆਗੂ ਨੇ ਨੀਟ ਘੁਟਾਲੇ ਅਤੇ ਪੇਪਰ ਲੀਕ ਕਾਰਨ ਕੌਮੀ ਪ੍ਰੀਖਿਆ ਪ੍ਰਣਾਲੀ ’ਤੇ ਸਵਾਲ ਚੁੱਕੇ
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ ਅੱਜ ਨੀਟ ਘੁਟਾਲੇ ਅਤੇ ਪੇਪਰ ਲੀਕ ਕਾਰਨ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੌਮੀ ਟੈਸਟਿੰਗ ਏਜੰਸੀ (ਐੱਨ ਟੀ ਏ) ਆਪਣੀ ਮੁੱਢਲੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਰਹੀ ਹੈ। ਵਿਧਾਇਕ ਪਰਗਟ ਸਿੰਘ ਨੇ ਕੇਂਦਰੀ ਸਿੱਖਿਆ ਮੰਤਰੀ ਦਾ ਤੁਰੰਤ ਅਸਤੀਫਾ ਮੰਗਦਿਆਂ ਧਰਮੇਂਦਰ ਪ੍ਰਧਾਨ ਦੇ ਪੇਪਰ ਲੀਕ ਮਾਫੀਆ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਹੈ।
ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਨੀਟ-ਯੂ ਜੀ ਅਤੇ ਯੂ ਜੀ ਸੀ-ਨੈੱਟ ਵਰਗੀਆਂ ਪ੍ਰੀਖਿਆਵਾਂ ਅਤੇ ਭਰਤੀਆਂ ਲਈ ਨਿਸ਼ਚਿਤ ਸਾਲਾਨਾ ਕੈਲੰਡਰ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਪ੍ਰੀਖਿਆ ਦੀਆਂ ਤਰੀਕਾਂ, ਨਤੀਜੇ ਦੀਆਂ ਤਰੀਕਾਂ ਅਤੇ ਨਿਯੁਕਤੀ ਦੀ ਆਖਰੀ ਮਿਤੀ ਪਹਿਲਾਂ ਤੋਂ ਐਲਾਨ ਕੀਤੀ ਜਾਣੀ ਚਾਹੀਦੀ ਹੈ।22 ਕਰੋੜ ਤੋਂ ਵੱਧ ਪਰਿਵਾਰ ਸਮੂਹਿਕ ਤੌਰ ’ਤੇ ਸਿਰਫ਼ ਨੀਟ ਪ੍ਰੀਖਿਆ ’ਤੇ ਸਾਲਾਨਾ ਲਗਭਗ 1.32 ਲੱਖ ਕਰੋੜ ਖਰਚ ਕਰ ਰਹੇ ਹਨ, ਜਦੋਂ ਕਿ ਸਾਡੇ ਦੇਸ਼ ਦਾ ਸਾਲਾਨਾ ਸਿੱਖਿਆ ਬਜਟ 1.40 ਲੱਖ ਕਰੋੜ ਹੈ। ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਨੀਟ ਦੀ ਤਿਆਰੀ ’ਤੇ ਓਨਾ ਹੀ ਪੈਸਾ ਖਰਚ ਕਰ ਰਹੇ ਹਨ ਜਿੰਨਾ ਹਰ ਸਾਲ ਸਿੱਖਿਆ ’ਤੇ ਖਰਚ ਕੀਤੇ ਜਾਂਦੇ ਬਜਟ ’ਤੇ ਕੀਤਾ ਜਾਂਦਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਨੀਟ ਵਰਗੀਆਂ ਪ੍ਰੀਖਿਆਵਾਂ ਗਾਰੰਟੀਸ਼ੁਦਾ ਨੌਕਰੀ ਦਾ ਵਾਅਦਾ ਕਰਦੀਆਂ ਹਨ, ਪਰ ਅਸਲੀਅਤ ਇਹ ਹੈ ਕਿ ਹਰ 1,000 ਵਿਦਿਆਰਥੀਆਂ ਵਿੱਚੋਂ, ਸਿਰਫ਼ 12 ਹੀ ਸਥਾਈ, ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਇੱਥੋਂ ਤੱਕ ਕਿ 80 ਫੀਸਦ ਆਈ ਆਈ ਟੀ ਗ੍ਰੈਜੂਏਟ ਵੀ ਰੁਜ਼ਗਾਰ ਲੱਭਣ ਲਈ ਸੰਘਰਸ਼ ਕਰਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਪੇਪਰ ਲੀਕ ਦੇ 89 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਘੱਟੋ-ਘੱਟ 62 ਮਿਲੀਅਨ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਘੱਟੋ-ਘੱਟ 48 ਪ੍ਰੀਖਿਆਵਾਂ ਨੂੰ ਮੁੜ ਤੈਅ ਕਰਨਾ ਪਿਆ ਅਤੇ 22 ਨੂੰ ਕਰਵਾਉਣ ਤੋਂ ਪਹਿਲਾਂ ਰੱਦ ਕਰ ਦਿੱਤਾ ਗਿਆ। ਨੀਟ-ਯੂ ਜੀ 2024 ਤੋਂ ਇਲਾਵਾ 2019 ਤੋਂ ਦੇਸ਼ ਭਰ ਦੇ 19 ਰਾਜਾਂ ਵਿੱਚ ਘੱਟੋ-ਘੱਟ 64 ਪ੍ਰਮੁੱਖ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਹੋਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿੱਚੋਂ 45 ਸਰਕਾਰੀ ਭਰਤੀ ਪ੍ਰੀਖਿਆਵਾਂ ਸਨ, ਅਤੇ ਘੱਟੋ-ਘੱਟ 27 ਰੱਦ ਜਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਸਾਬਕਾ ਵਿਧਾਇਕ ਇੰਦੂ ਬਾਲਾ, ਸਾਬਕਾ ਯੂਥ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਯਾਮਿਨੀ ਗੋਮਰ, ਐਡਵੋਕੇਟ ਰੋਹਿਤ ਜੋਸ਼ੀ, ਅਮਰਪਾਲ ਕਾਕਾ, ਨਵੀ ਰੀਹਲ, ਸਰਵਣ ਸਿੰਘ ਅਤੇ ਨਰਵੀਰ ਨੰਦੀ ਵੀ ਮੌਜੂਦ ਸਨ।
