ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 3 ਨੌਜਵਾਨ ਗੰਭੀਰ ਜ਼ਖ਼ਮੀ

ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਹਾਦਸੇ ਦਾ ਸ਼ਿਕਾਰ ਹੋਈ ਕਾਰ। -ਫੋਟੋ : ਪੰਜਾਬੀ ਟ੍ਰਿਬਿਊਨ

ਗੁਰਦੇਵ ਸਿੰਘ ਗਹੂੰਣ
ਬਲਾਚੌਰ, 18 ਜੂਨ

ਬਲਾਚੌਰ-ਰੋਪੜ ਕੌਮੀ ਮਾਰਗ ‘ਤੇ ਭਰਥਲਾ ਲਾਗੇ ਸੜਕ ਕਿਨਾਰੇ ਖੜ੍ਹੇ ਆਟੋ( ਥ੍ਰੀ ਵ੍ਹੀਲਰ) ਵਿੱਚ ਆਲਟੋ ਕਾਰ ਵੱਜਣ ਨਾਲ ਵਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਸਬੰਧੀ ਥਾਣਾ ਕਾਠਗੜ੍ਹ ਦੇ ਏ.ਐੱਸ.ਆਈ. ਪ੍ਰੇਮ ਲਾਲ ਨੇ ਦੱਸਿਆ ਕਿ ਮੰਗਲ ਸਿੰਘ ਪੁੱਤਰ ਰਾਮ ਪ੍ਰਤਾਪ ਵਾਸੀ ਸੰਤੇ ਮਾਜਰਾ( ਜ਼ਿਲ੍ਹਾ ਮੁਹਾਲੀ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਦੋ ਪੁੱਤਰਾਂ ਜਸਵਿੰਦਰ ਸਿੰਘ ਅਤੇ ਸੰਨੀ ਸਿੰਘ ਨਾਲ ਆਪਣੇ ਆਟੋ(ਥ੍ਰੀ ਵ੍ਹੀਲਰ) ਨੰਬਰ ਪੀ.ਬੀ.65ਏ.ਐਨ.3438 ਵਿੱਚ ਸਵਾਰ ਹੋ ਕੇ ਕਾਠਗੜ੍ਹ ਖੁਰਦ ਰਿਸ਼ਤੇਦਾਰੀ ਵਿੱਚ ਆਏ ਸਨ, ਵੀਰਵਾਰ ਦੀ ਰਾਤ 12 ਕੁ ਵਜੇ ਦੇ ਕਰੀਬ ਉਹ ਵਾਪਸ ਆਪਣੇ ਘਰ ਜਾ ਰਹੇ ਸਨ ਤਾਂ ਉਹ ਜਦੋਂ ਪਿੰਡ ਭਰਥਲਾ ਲਾਗੇ ਪੁੱਜੇ ਤਾਂ ਉਨ੍ਹਾਂ ਦਾ ਆਟੋ ਖਰਾਬ ਹੋ ਗਿਆ, ਜਿਸ ਨੂੰ ਵੇਖਣ ਲਈ ਉਸ ਨੇ ਆਪਣਾ ਆਟੋ ਸੜਕ ‘ਤੇ ਥੋੜ੍ਹਾ ਸਾਈਡ ਨੂੰ ਲਗਾ ਲਿਆ ਅਤੇ ਉਸ ਦੇ ਦੋਹਾਂ ਲੜਕਿਆਂ ਦੇ ਨਾਲ ਉਨ੍ਹਾਂ ਨਾਲ ਆਇਆ ਉਸ ਦੇ ਸਾਂਢੂ ਦੇ ਭਰਾ ਦਾ ਪੁੱਤਰ ਸਾਜਨ ਪੁੱਤਰ ਅਵਤਾਰ ਚੰਦ ਤਿੰਨੋ ਜਣੇ ਆਟੋ ਵਿੱਚ ਬੈਠੇ ਰਹੇ। ਇਸੇ ਦੌਰਾਨ ਬਲਾਚੌਰ ਵੱਲ੍ਹ ਤੋਂ ਆ ਰਹੀ ਇੱਕ ਤੇਜ਼ ਰਫਤਾਰ ਆਲਟੋ ਕਾਰ ਨੰਬਰ ਜੇ.ਕੇ.02ਬੀ.ਐਮ. 8222 ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ , ਜਿਸ ਕਾਰਨ ਆਟੋ ਬੇਕਾਬੂ ਹੋ ਕੇ ਪਲਟ ਗਿਆ ਅਤੇ ਉਸ ‘ਚ ਸਵਾਰ ਤਿੰਨੋਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਐੱਨ.ਐੱਚ.ਆਈ.ਏ. ਦੀ ਐਂਬੂਲੈਂਸ ਪਹੁੰਚ ਗਈ, ਜਿਸ ਨੇ ਤਿੰਨਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਬਲਾਚੌਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਅਤੇ ਉਸ ਦੇ ਸਾਂਢੂ ਦੇ ਭਰਾ ਦੇ ਪੁੱਤਰ ਸਾਜਨ ਪੁੱਤਰ ਅਵਤਾਰ ਚੰਦ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਉਸ ਦੇ ਦੂਸਰੇ ਪੁੱਤਰ ਸੰਨੀ ਸਿੰਘ ਨੂੰ ਇਲਾਜ ਲਈ ਦਾਖਲ ਕਰ ਲਿਆ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਕਾਠਗੜ੍ਹ ਦੀ ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਉਕਤ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਇੱਥੇ ਲਿੰਕ ਰੋਡ ’ਤੇ ਬੀਤੀ ਦੇਰ ਸ਼ਾਮ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਨਾਲ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜਰਮਨ ਸਿੰਘ ਪੁੱਤਰ ਗੁਰਵਿੰਦਰ ਸਿੰਘ, ਕਰਨ ਸਿੰਘ ਪੁੱਤਰ ਜਗੀਰ ਸਿੰਘ ਦੋਵੇਂ ਵਾਸੀ ਲਸ਼ਕਰੀ ਨੰਗਲ ਜੋ ਪਿੰਡ ਤੋਂ ਬਜਾਜ ਮੋਟਰਸਾਈਕਲ ਤੇ ਆ ਰਹੇ ਸਨ ਚੇਤਨਪੁਰ ਬੱਸ ਸਟੈਂਡ ਵਾਲੇ ਪਾਸੇ ਤੋਂ ਤੇਜ਼ ਰਫਤਾਰ ਮੋਟਰਸਾਈਕਲ ਉੱਤੇ ਆ ਰਹੇ ਮੰਗਲ ਸਿੰਘ ਪੁੱਤਰ ਦਾਰ ਸਿੰਘ ਵਾਸੀ ਚੇਤਨਪੁਰਾ ਦੇ ਮੋਟਰਸਾਈਕਲ ਦੀ ਆਹਮੋ ਸਾਹਮਣੀ ਟੱਕਰ ਹੋ ਜਾਣ ਕਾਰਨ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ । ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਹੈ। ਥਾਣਾ ਝੰਡੇਰ ਦੀ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲੀਸ ਸਟਿੱਕਰ ਲੱਗੀ ਤੇਜ਼ ਆ ਰਹੀ ਕਾਰ ਨੇ ਮਾਰੀ ਟੱਕਰ

ਜਲੰਧਰ (ਨਿਜੀ ਪੱਤਰ ਪ੍ਰੇਰਕ): ਇਥੋਂ ਦੀ 66 ਫੁੱਟੀ ਰੋਡ ’ਤੇ ਪੁਲੀਸ ਦਾ ਸਟਿੱਕਰ ਲੱਗੀ ਇਕ ਤੇਜ਼ ਰਫਤਾਰ ਕਾਰ ਨੇ ਓਵਰਟੇਕ ਕਰਨ ਲੱਗਿਆਂ ਸਾਹਮਣਿਓਂ ਆ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਏਨੀ ਜ਼ੋਰ ਦੀ ਹੋਈ ਕਿ ਸਾਹਮਣੇ ਤੋਂ ਆ ਰਹੀ ਕਾਰ ਦਾ ਟਾਇਰ ਨਿਕਲ ਗਿਆ। ਪੁਲੀਸ ਦੇ ਸਟਿੱਕਰ ਵਾਲੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਅੱਗੇ ਦਰਖਤਾਂ ਨਾਲ ਜਾ ਟਕਰਾਈ। ਮੌਕੇ ’ਤੇ ਕਾਰ ਦਾ ਏਅਰਬੈਗ ਖੁੱਲ੍ਹ ਗਿਆ ਜਿਸ ਨਾਲ ਕਾਰ ਚਾਲਕ ਦੀ ਜਾਨ ਬਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ। ਦੋਹਾਂ ਕਾਰਾਂ ਦੇ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।ਪੁਲੀਸ ਦਾ ਸਟਿੱਕਰ ਲੱਗੀ ਕਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਕਿਸੇ ਵਿਅਕਤੀ ਦੀ ਦੱਸੀ ਜਾ ਰਹੀ ਹੈ। ਪੁਲੀਸ ਨੇ ਇਸ ਹਾਦਸੇ ਬਾਰੇ ਚੁੱਪ ਧਾਰੀ ਹੋਈ ਹੈ। ਜਾਣਕਾਰੀ ਅਨੁਸਾਰ ਟੱਕਰ ਮਾਰਨ ਵਾਲਾ ਵਿਅਕਤੀ ਪੁਲੀਸ ਮੁਲਾਜ਼ਮ ਹੀ ਦੱਸਿਆ ਜਾ ਰਿਹਾ ਹੈ। ਪੁਲੀਸ ਦੋਹਾਂ ਧਿਰਾਂ ਵਿਚ ਰਾਜ਼ੀਨਾਵਾਂ ਕਰਵਾਉਣ ’ਤੇ ਜ਼ੋਰ ਦੇ ਰਹੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All