ਭਿਆਨਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ; ਮਹਿਲਾ ਗੰਭੀਰ ਜ਼ਖ਼ਮੀ
ਕਾਰ ਦਾ ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਹੋਈ ਟੱਕਰ।
ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ 'ਤੇ ਪਿੰਡ ਸਵਾਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਜ਼ਖ਼ਮੀ ਹੈ। ਇਸ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ ਹਨ।
ਕਾਰ ਦਾ ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਹੋਈ ਟੱਕਰ
ਜਾਣਕਾਰੀ ਅਨੁਸਾਰ ਮਹਿੰਦਰਾ ਐਕਸਯੂਵੀ500 ਸੁਲਤਾਨਪੁਰ ਲੋਧੀ ਤੋਂ ਤਲਵੰਡੀ ਵੱਲ ਜਾ ਰਹੀ ਸੀ। ਰਾਤ ਵੇਲੇ ਪਿੰਡ ਸਵਾਲ ਨੇੜੇ ਗੱਡੀ ਦਾ ਸੰਤੁਲਨ ਵਿਗੜ ਗਿਆ। ਕਾਰ ਪਹਿਲਾਂ ਸੜਕ ਕਿਨਾਰੇ ਰੁੱਖ ਨਾਲ ਟਕਰਾਈ ਅਤੇ ਫਿਰ ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗ੍ਰਿਲ ਤੋੜਦੀ ਹੋਈ ਦੂਜੇ ਰੁੱਖ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਪੁਰਜ਼ੇ ਦੂਰ ਤੱਕ ਖਿਲਰ ਗਏ।
ਹਾਦਸੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਇਸ ਹਾਦਸੇ ਵਿੱਚ ਲੱਭੀ (ਉਮਰ 17 ਸਾਲ) ਪੁੱਤਰ ਸੋਨੂੰ ਰਾਮ, ਵਾਸੀ ਪਿੰਡ ਤਲਵੰਡੀ ਬੂਟਿਆਂ (ਜ਼ਿਲ੍ਹਾ ਜਲੰਧਰ) ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਰਾਹੁਲ ਗਿੱਲ (ਉਮਰ 23 ਸਾਲ) ਪੁੱਤਰ ਸਤਪਾਲ, ਵਾਸੀ ਪਿੰਡ ਬਿਧੀਪੁਰ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਦੋਵਾਂ ਦੀਆਂ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਈਆਂ ਗਈਆਂ ਹਨ।
ਜ਼ਖ਼ਮੀ ਮਹਿਲਾ ਜਲੰਧਰ ਰੈਫਰਕਾਰ ਸਵਾਰ ਅੰਜਨਾ ਰਾਣੀ (ਉਮਰ 23 ਸਾਲ) ਪਤਨੀ ਰਾਹੁਲ ਗਿੱਲ, ਵਾਸੀ ਪਿੰਡ ਸ਼ੰਕਰ (ਜ਼ਿਲ੍ਹਾ ਜਲੰਧਰ) ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।
ਪੁਲੀਸ ਜਾਂਚ ਅਤੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ
ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ 'ਤੇ ਪਹੁੰਚ ਗਈ ਅਤੇ ਵਾਹਨ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਬਿਧੀਪੁਰ ਅਤੇ ਤਲਵੰਡੀ ਬੂਟਿਆਂ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਰਾਹੁਲ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਲੱਭੀ ਪੜ੍ਹਾਈ ਕਰ ਰਿਹਾ ਸੀ ਅਤੇ ਅੰਜਨਾ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਰਗ 'ਤੇ ਗਸ਼ਤ ਵਧਾਈ ਜਾਵੇ ਅਤੇ ਖ਼ਤਰਨਾਕ ਥਾਵਾਂ 'ਤੇ ਰਿਫਲੈਕਟਰ ਲਗਾਏ ਜਾਣ।
ਤਸਵੀਰ ਵਿੱਚ ਹਾਦਸੇ ਵਿੱਚ ਮ੍ਰਿਤਕ ਰਾਹੁਲ ਗਿੱਲ ਦੀ ਫਾਈਲ ਫੋਟੋ।

