ਵਾਲ ਕਟਵਾਉਣ ਆਏ ਦੋ ਨੌਜਵਾਨਾਂ ’ਤੇ ਗੋਲੀਆਂ ਚਲਾਈਆਂ; ਇੱਕ ਦੀ ਮੌਤ, ਇੱਕ ਜ਼ਖ਼ਮੀ

ਵਾਲ ਕਟਵਾਉਣ ਆਏ ਦੋ ਨੌਜਵਾਨਾਂ ’ਤੇ ਗੋਲੀਆਂ ਚਲਾਈਆਂ; ਇੱਕ ਦੀ ਮੌਤ, ਇੱਕ ਜ਼ਖ਼ਮੀ

ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 25 ਨਵੰਬਰ

ਇੱਥੋਂ ਦੇ ਟਰੱਕ ਯੂਨੀਅਨ ਰੋਡ ’ਤੇ ਪੈਂਦੇ ਇਕ ਸੈਲੂਨ ਵਿੱਚ ਵਾਲ ਕਟਵਾਉਣ ਆਏ ਦੋ ਨੌਜਵਾਨਾਂ ’ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਦੀ ਮੌਕੇ ’ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਡੀਐੱਸਪੀ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਤਿੰਨ ਨੌਜਵਾਨ ਪਲਸਰ ਮੋਟਰਸਾਈਕਲ ’ਤੇ ਸੈਲੂਨ ਦੇ ਬਾਹਰ ਆਏ, ਜਿਨ੍ਹਾਂ ’ਚੋਂ ਦੋ ਨੌਜਵਾਨਾਂ ਨੇ ਅੰਦਰ ਜਾ ਕੇ ਸਾਗਰ ਕਟਾਰੀਆ (24) ਵਾਸੀ ਪਿੰਡ ਰੇਰੂ ਅਤੇ ਸੁਨੀਲ ਕੁਮਾਰ ਵਾਸੀ ਹਰੀਪੁਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਸਾਗਰ ਕਟਾਰੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਸੁਨੀਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਨੂੰ ਅੰਜਾਮ ਦੇ ਕੇ ਦੋਵੇਂ ਹਮਲਾਵਰ ਬਾਹਰ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਸ ਦੌਰਾਨ ਦੌੜਦੇ ਹੋਏ ਉਨ੍ਹਾਂ ਦਾ ਰਿਵਾਲਵਰ ਸੜਕ ’ਤੇ ਡਿੱਗ ਪਿਆ, ਜੋ ਪੁਲੀਸ ਨੇ ਮੌਕੇ ’ਤੇ ਬਰਾਮਦ ਕਰ ਲਿਆ। ਆਦਮਪੁਰ ਦੇ ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਸੁਨੀਲ ਕੁਮਾਰ ਨੂੰ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਮਲਾ ਰੰਜਿਸ਼ ਕਾਰਨ ਹੋਇਆ ਜਾਪ ਰਿਹਾ ਹੈ। ਪੁਲੀਸ ਨੇ ਫਿੰਗਰ ਪ੍ਰਿੰਟ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All