DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sant Seechewal ਦੇ ਯਤਨਾਂ ਸਦਕਾ ਵਿਦੇਸ਼ ’ਚ ਫਸੇ ਦੋ ਪੰਜਾਬੀ ਘਰ ਪਰਤੇ

ਤਰਨ ਤਾਰਨ ਦਾ ਰਜਿੰਦਰਪਾਲ ਸਿੰਘ 3 ਸਾਲ ਅਤੇ ਅੰਮ੍ਰਿਤਸਰ ਦਾ ਜਸਬੀਰ ਸਿੰਘ 8 ਮਹੀਨਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਪੁੱਜੇ ਭਾਰਤ

  • fb
  • twitter
  • whatsapp
  • whatsapp
featured-img featured-img
Sant Seechewal ਦੇ ਯਤਨਾਂ ਸਦਕਾ ਵਿਦੇਸ਼ ’ਚ ਫਸੇ ਦੋ ਪੰਜਾਬੀ ਘਰ ਪਰਤੇ, ਫੋਟੋ: ਅਸ਼ੋਕ।
Advertisement

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਅਤੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਰਾਬਤੇ ਤੋਂ ਬਾਅਦ ਵਿਦੇਸ਼ ਵਿੱਚ ਲੰਮੇ ਸਮੇਂ ਤੋਂ ਫਸੇ ਦੋ ਪੰਜਾਬੀ ਨੌਜਵਾਨ ਸਹੀ-ਸਲਾਮਤ ਆਪਣੇ ਘਰ ਪਰਤ ਆਏ ਹਨ। ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਰਜਿੰਦਰਪਾਲ ਸਿੰਘ ਲਗਭਗ ਤਿੰਨ ਸਾਲਾਂ ਦੀ ਮਾਨਸਿਕ ਅਤੇ ਸਰੀਰਕ ਪੀੜਾ ਭੋਗਣ ਤੋਂ ਬਾਅਦ 31 ਅਗਸਤ ਨੂੰ ਭਾਰਤ ਪੁੱਜਿਆ, ਜਦੋਂਕਿ ਅੰਮ੍ਰਿਤਸਰ ਦਾ ਜਸਬੀਰ ਸਿੰਘ 8 ਮਹੀਨਿਆਂ ਬਾਅਦ 3 ਸਤੰਬਰ ਨੂੰ ਸੁਖੀ-ਸਾਂਦੀ ਘਰ ਪਹੁੰਚ ਗਿਆ।

ਰਜਿੰਦਰਪਾਲ ਸਿੰਘ ਦੀ ਵਾਪਸੀ ਨਾਲ ਉਸ ਦੇ ਪਰਿਵਾਰ ਦੇ ਲੰਮੇ ਇੰਤਜ਼ਾਰ ਦਾ ਖ਼ਤਮ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਸੰਬਰ ਮਹੀਨੇ ਵਿੱਚ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਮਦਦ ਦੀ ਗੁਹਾਰ ਲਗਾਈ ਸੀ। ਰਜਿੰਦਰਪਾਲ ਨੇ ਆਪਣੀ ਸਜ਼ਾ ਪੂਰੀ ਕਰ ਲਈ ਸੀ, ਪਰ ਕਾਗਜ਼ਾਂ ਵਿੱਚ ਰੁਕਾਵਟਾਂ ਕਾਰਨ ਉਸ ਨੂੰ ਵਾਪਸ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਇੱਥੋਂ ਤੱਕ ਕਿ ਇੱਕ ਵਾਰ ਜਹਾਜ਼ ਚੜ੍ਹਨ ਸਮੇਂ ਵੀ ਉਸ ਨੂੰ ਏਅਰਪੋਰਟ ਤੋਂ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਸ ਦੇ ਇੱਕ ਭਰਾ ਦੀ ਭਾਰਤ ਵਿੱਚ ਮੌਤ ਹੋ ਗਈ।

Advertisement

ਸਾਊਦੀ ਅਰਬ ਤੋਂ ਭਾਰਤ ਪਰਤਣ ਤੋਂ ਬਾਅਦ ਰਜਿੰਦਰਪਾਲ ਸਿੰਘ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਆਪਣੀ ਹੱਡਬੀਤੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਕੰਪਨੀ ਦੇ ਟਰੱਕਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਬੇਗੁਨਾਹ ਹੁੰਦੇ ਹੋਏ ਵੀ ਜੇਲ੍ਹ ਵਿੱਚ ਬੰਦ ਰਿਹਾ। ਰਜਿੰਦਰਪਾਲ ਨੇ ਦਾਅਵਾ ਕੀਤਾ ਕਿ ਅਜੇ ਵੀ ਉੱਥੇ ਸੈਂਕੜੇ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਦੀ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ। ਸੰਤ ਸੀਚੇਵਾਲ ਦੇ ਦਫ਼ਤਰ ਵੱਲੋਂ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਕੀਤੀ ਚਿੱਠੀ-ਪੱਤਰ ਤੋਂ ਬਾਅਦ ਹੀ ਇਹ ਵਾਪਸੀ ਸੰਭਵ ਹੋ ਸਕੀ।

Advertisement

ਦੂਜੇ ਪਾਸੇ ਅੰਮ੍ਰਿਤਸਰ ਦੇ ਜਸਬੀਰ ਸਿੰਘ ਦੇ ਪਰਿਵਾਰ ਨੇ ਵੀ ਜਨਵਰੀ ਮਹੀਨੇ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ ਸੀ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਜਸਬੀਰ ਦੀ ਵਾਪਸੀ ਨਾਲ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਵੇਲੇ ਏਜੰਟਾਂ ਦੀ ਪੂਰੀ ਪੜਤਾਲ ਕਰਨ ਅਤੇ ਕਾਨੂੰਨੀ ਰਸਤਾ ਹੀ ਅਖ਼ਤਿਆਰ ਕਰਨ ਤਾਂ ਜੋ ਅਜਿਹੀਆਂ ਮੁਸੀਬਤਾਂ ਤੋਂ ਬਚਿਆ ਜਾ ਸਕੇ।

ਰਜਿੰਦਰਪਾਲ ਵੱਲੋਂ ਭਾਰਤੀ ਦੂਤਾਵਾਸ 'ਤੇ ਗੰਭੀਰ ਦੋਸ਼; ਜਾਂਚ ਦੀ ਮੰਗ

ਵਤਨ ਪਰਤਣ ਤੋਂ ਬਾਅਦ ਰਜਿੰਦਰਪਾਲ ਸਿੰਘ ਨੇ ਸਬੰਧਤ ਦੇਸ਼ ਵਿੱਚ ਸਥਿਤ ਭਾਰਤੀ ਦੂਤਾਵਾਸ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਦੋਸ਼ ਲਗਾਇਆ ਕਿ ਉੱਥੇ ਫਸੇ ਭਾਰਤੀਆਂ ਦੀ ਬਿਨਾਂ ਸਿਫ਼ਾਰਸ਼ ਤੋਂ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਵਾਪਸੀ ਦੇ ਨਾਂ ’ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਰਜਿੰਦਰਪਾਲ ਨੇ ਭਾਰਤ ਸਰਕਾਰ ਤੋਂ ਦੂਤਾਵਾਸ ਦੇ ਰਵੱਈਏ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Advertisement
×