ਸੜਕ ਹਾਦਸਿਆਂ ਵਿੱਚ ਨੌਜਵਾਨ ਸਣੇ ਦੋ ਜਣੇ ਹਲਾਕ : The Tribune India

ਸੜਕ ਹਾਦਸਿਆਂ ਵਿੱਚ ਨੌਜਵਾਨ ਸਣੇ ਦੋ ਜਣੇ ਹਲਾਕ

ਸੜਕ ਹਾਦਸਿਆਂ ਵਿੱਚ ਨੌਜਵਾਨ ਸਣੇ ਦੋ ਜਣੇ ਹਲਾਕ

ਕਪੂਰਥਲਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਨੁਕਸਾਨੀ ਗਈ ਕਾਰ ਅਤੇ (ਇਨਸੈੱਟ) ਮ੍ਰਿਤਕ ਰਾਘਵ ਬਹਿਲ ਦੀ ਤਸਵੀਰ। -ਫੋਟੋਆਂ: ਪੰਜਾਬੀ ਟ੍ਰਿਬਿਊਨ

ਧਿਆਨ ਸਿੰਘ ਭਗਤ

ਕਪੂਰਥਲਾ, 7 ਦਸੰਬਰ

ਸ਼ਹਿਰ ਦੇ ਸਰਕੂਲਰ ਰੋਡ ’ਤੇ ਦੇਰ ਰਾਤ ਇੱਕ ਕਾਰ ਬੇਕਾਬੂ ਹੋ ਕੇ ਕੰਧ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 22 ਸਾਲਾ ਨੌਜਵਾਨ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਆਪਣੀ ਕਾਰ ਵਿੱਚ ਕਿਸੇ ਜਾਣਕਾਰ ਦੀ ਛੋਟੀ ਬੱਚੀ ਲਈ ਪੀਜ਼ਾ ਲੈ ਕੇ ਵਾਪਸ ਆ ਰਿਹਾ ਸੀ। ਮ੍ਰਿਤਕ ਦੀ ਪਛਾਣ ਰਾਘਵ ਬਹਿਲ ਪੁੱਤਰ ਮਨੋਜ ਬਹਿਲ ਵਾਸੀ ਬਾਣੀਆ ਮੁਹੱਲਾ ਕਪੂਰਥਲਾ ਵਜੋਂ ਹੋਈ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲੀਸ ਪਾਰਟੀ ਨੇ ਰਾਘਵ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਜਿੱਥੇ ਅੱਜ ਬਾਅਦ ਦੁਪਹਿਰ ਪੋਸਟਮਾਰਟਮ ਹੋਣ ਉਪਰੰਤ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਘਵ ਬਹਿਲ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਉਹ ਰਮਨੀਕ ਚੌਕ ਤੋਂ ਪੀਜ਼ਾ ਲੈ ਕੇ ਸਵਿਫਟ ਕਾਰ ਵਿੱਚ ਜਾਣਕਾਰ ਕੋਲ ਆ ਰਿਹਾ ਸੀ। ਇਸ ਦੌਰਾਨ ਸਰਕੂਲਰ ਰੋਡ ’ਤੇ ਅਚਾਨਕ ਕਾਰ ਬੇਕਾਬੂ ਹੋ ਕੇ ਕੰਧ ਨਾਲ ਟਕਰਾ ਗਈ ਸੀ। ਇਸ ਕਾਰਨ 22 ਸਾਲਾ ਰਾਘਵ ਬਹਿਲ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਇੱਥੇ ਇੱਕ ਪਰਿਵਾਰ ਦੀਆਂ ਵਿਆਹ ਦੀਆਂ ਖੁਸ਼ੀਆਂ ਉਦੋਂ ਗਮੀ ਵਿੱਚ ਬਦਲ ਗਈਆਂ ਜਦੋਂ ਧੀ ਦੀ ਡੋਲੀ ਤੋਰ ਕੇ ਪਰਤ ਰਹੇ ਵਰਿੰਦਰ ਕੁਮਾਰ (60) ਦੀ ਚੱਬੇਵਾਲ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਹਰੀਦੇਵ ਅਤੇ ਭਤੀਜੇ ਜੈਦੇਵ ਨੇ ਦੱਸਿਆ ਕਿ ਵਰਿੰਦਰ ਕੁਮਾਰ ਪਠਾਨਕੋਟ ਵਿਚ ਧੀ ਦੀ ਡੋਲੀ ਤੋਰ ਕੇ ਆਪਣੇ ਪੁੱਤਰ ਅਤੇ ਪਤਨੀ ਨਾਲ ਕਾਰ ਵਿੱਚ ਵਾਪਸ ਆ ਰਹੇ ਸਨ। ਚੱਬੇਵਾਲ ਨੇੜੇ ਤੜਕਸਾਰ ਉਨ੍ਹਾਂ ਦੀ ਕਾਰ ਇੱਕ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਕਾਰਨ ਵਰਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਅਤੇ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਨਵਾਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਵਰਿੰਦਰ ਕੁਮਾਰ ਬਲਾਚੌਰ ਵਿੱਚ ਲਕਸ਼ਮੀ ਸਟੂਡੀਓ ਚਲਾਉਂਦੇ ਸਨ। ਮ੍ਰਿਤਕ ਵਰਿੰਦਰ ਕੁਮਾਰ ਦਾ ਗਹੂੰਣ ਰੋਡ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।

ਖਸਤਾ ਹਾਲ ਸੜਕ ਕਾਰਨ ਦੋ ਕਾਰਾਂ ਟਕਰਾਈਆਂ

ਕੁੱਕੜਾਂਵਾਲਾ ਵਿਚ ਹਾਦਸਾਗ੍ਰਸਤ ਹੋਈਆਂ ਕਾਰਾਂ।

ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਇੱਥੇ ਅੱਡਾ ਕੁੱਕੜਾਂਵਾਲਾ ਵਿਚ ਅੱਜ ਦੋ ਕਾਰਾਂ ਦੀ ਟੱਕਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਡੇ ਵਿੱਚ ਜਤਿੰਦਰ ਸਿੰਘ ਵਾਸੀ ਰਾਜਾਸਾਂਸੀ ਦੀ ਕਾਰ ਖੜ੍ਹੀ ਸੀ ਜਦੋਂਕਿ ਅਜਨਾਲਾ ਵਾਲੇ ਪਾਸੇ ਤੋਂ ਆ ਰਹੇ ਜਸ਼ਨਪ੍ਰੀਤ ਸਿੰਘ ਦੀ ਕਾਰ ਉਸ ਨਾਲ ਟਕਰਾ ਗਈ। ਜਸ਼ਨਪ੍ਰੀਤ ਦੀ ਕਾਰ ਦਾ ਸੜਕ ਵਿੱਚ ਪਏ ਟੋਇਆਂ ਵਿੱਚ ਡਿੱਗਣ ਕਾਰਨ ਸੰਤੁਲਨ ਵਿਗੜ ਗਿਆ ਸੀ ਤੇ ਉਹ ਅੱਗੇ ਖੜ੍ਹੀ ਕਾਰ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਜਤਿੰਦਰ ਸਿੰਘ ਦੀ ਕਾਰ ਪਲਟ ਗਈ, ਇਸ ਹਾਦਸੇ ਕਾਰਨ ਕਾਰਾਂ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਚੌਕੀ ਕੁੱਕੜਾਂਵਾਲਾ ਦੀ ਪੁਲੀਸ ਨੇ ਦੋਵਾਂ ਵਾਹਨਾਂ ਨੂੰ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All