DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Khedan Watan Punjab Diyan: ਇੱਕ ਪਰਿਵਾਰ ਦੀਆਂ ਦੋ ਪੀੜ੍ਹੀਆਂ ਖੇਡ ਮੈਦਾਨ ’ਚ

65 ਸਾਲਾ ਗੁਰਬਖਸ਼ ਕੌਰ 200 ਮੀਟਰ ਦੌਡ਼ੀ; 14 ਸਾਲਾ ਜੋਬਨਪ੍ਰੀਤ ਨੇ 60 ਮੀਟਰ ’ਚ ਦਿਖਾਇਆ ਦਮ

  • fb
  • twitter
  • whatsapp
  • whatsapp
featured-img featured-img
ਮੁਕਾਬਲਿਆਂ ਦੌਰਾਨ ਗੁਰਬਖਸ਼ ਕੌਰ ਅਤੇ ਉਸ ਦਾ ਪੋਤਾ ਜੋਬਨਪ੍ਰੀਤ।
Advertisement

ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਉਸ ਸਮੇਂ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਇੱਕੋ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੇ ਖੇਡ ਮੈਦਾਨ ’ਚ ਇਕੱਠਿਆਂ ਆਪਣੀ ਹਾਜ਼ਰੀ ਲਗਵਾਈ। ਸਰਕਾਰੀ ਹਾਈ ਸਕੂਲ ਖੱਸਣ ਵਿੱਚ 65 ਸਾਲਾ ਗੁਰਬਖਸ਼ ਕੌਰ ਨੇ 200 ਮੀਟਰ ਦੌੜ ਵਿੱਚ ਹਿੱਸਾ ਲਿਆ, ਜਦਕਿ ਉਨ੍ਹਾਂ ਦੇ 14 ਸਾਲਾ ਪੋਤੇ ਤੇ ਸਲਾਮਤਪੁਰ ਵਾਸੀ ਜੋਬਨਪ੍ਰੀਤ ਨੇ 60 ਮੀਟਰ ਦੌੜ ’ਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਦਾਦੀ ਤੇ ਪੋਤੇ ਦੀ ਇਸ ਜੋੜੀ ਦੀ ਸ਼ਮੂਲੀਅਤ ਖੇਡ ਮੇਲੇ ਦਾ ਖਾਸ ਖਿੱਚ ਦਾ ਕੇਂਦਰ ਰਹੀ। ਜਿੱਥੇ ਜੋਬਨਪ੍ਰੀਤ ਨੇ ਆਪਣੀ ਜਵਾਨੀ ਦੀ ਊਰਜਾ ਨਾਲ ਦੌੜ ’ਚ ਹਿੱਸਾ ਲਿਆ, ਉੱਥੇ 65 ਸਾਲ ਦੀ ਉਮਰ ’ਚ ਗੁਰਬਖਸ਼ ਕੌਰ ਵੱਲੋਂ ਦੌੜ ’ਚ ਉਤਰਨਾ ਮੌਜੂਦ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਖੇਡਾਂ ਅਤੇ ਤੰਦਰੁਸਤੀ ਲਈ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ।

ਗੁਰਬਖਸ਼ ਕੌਰ ਨੇ ਦੱਸਿਆ ਕਿ ਉਹ ਆਪਣੇ ਸਕੂਲ ਦੇ ਦਿਨਾਂ ਦੌਰਾਨ ਦੌੜਿਆ ਕਰਦੇ ਸਨ ਤੇ ਉਸ ਸਮੇਂ ਉਨ੍ਹਾਂ ਦਾ ਸੁਪਨਾ ਪੁਲੀਸ ਅਧਿਕਾਰੀ ਬਣਨ ਦਾ ਸੀ, ਪਰ ਹਾਲਾਤ ਨੇ ਉਨ੍ਹਾਂ ਨੂੰ ਇਸ ਪੇਸ਼ੇ ’ਚ ਜਾਣ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਪੋਤੇ ਨੂੰ ਖੇਡ ਮੁਕਾਬਲੇ ’ਚ ਹਿੱਸਾ ਲੈਂਦਿਆਂ ਦੇਖਣ ਦੇ ਨਾਲ ਖੁਦ ਮੈਦਾਨ ਵਿੱਚ ਉਤਰਨਾ ਉਨ੍ਹਾਂ ਲਈ ਬੇਹੱਦ ਖੁਸ਼ੀ ਵਾਲਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਉਨ੍ਹਾਂ ਨੂੰ ਇਹ ਸੁਨੇਹਾ ਦੇਣ ਦਾ ਮੌਕਾ ਦਿੱਤਾ ਹੈ ਕਿ ਖੇਡਾਂ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡਾਂ ਨਾਲ ਜੁੜਨ, ਤੰਦਰੁਸਤ ਰਹਿਣ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦਾ ਮੌਕਾ ਮਿਲ ਰਿਹਾ ਹੈ।

Advertisement

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵੱਖ-ਵੱਖ ਪੀੜ੍ਹੀਆਂ ਨੂੰ ਇੱਕ ਮੰਚ ’ਤੇ ਲਿਆਉਣ ਦੇ ਨਾਲ-ਨਾਲ ਮੁਕਾਬਲੇ ਤੋਂ ਪਰੇ ਯਾਦਗਾਰ ਪਲ ਵੀ ਸਿਰਜਦੇ ਹਨ।

Advertisement

ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ 38 ਖੇਡਾਂ, ਇੱਕ ਪ੍ਰਦਰਸ਼ਨੀ ਖੇਡ, ਟੈਨਿਸ ਬਾਲ ਕ੍ਰਿਕਟ ਅਤੇ ਚਾਰ ਪੈਰਾ ਖੇਡਾਂ ਦੇ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਨੌਂ ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ। ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਗ੍ਰੇਡੇਸ਼ਨ ਸਰਟੀਫਿਕੇਟਾਂ ਦੇ ਨਾਲ 12 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।

Advertisement
×