DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਮੁਕਾਬਲੇ ਮਗਰੋਂ ਫਿਰੌਤੀ ਮੰਗਣ ਵਾਲੇ ਦੋ ਗ੍ਰਿਫ਼ਤਾਰ

ਜ਼ਿਲ੍ਹਾ ਪੁਲੀਸ ਮੁਖੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ; ਮੁਲਜ਼ਮਾਂ ਨੇ ਪੁਲੀਸ ਟੀਮ ’ਤੇ ਗੋਲੀ ਚਲਾਈ

  • fb
  • twitter
  • whatsapp
  • whatsapp
featured-img featured-img
ਨਕੋਦਰ ’ਚ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਫਸਰ। -ਫੋਟੋ: ਸਰਬਜੀਤ ਸਿੰਘ
Advertisement

ਨਕੋਦਰ ਪੁਲੀਸ ਨੇ ਧਮਕੀਆਂ ਦੇਣ, ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਐੱਸ ਐੱਸ ਪੀ ਹਰਵਿੰਦਰ ਸਿੰਘ ਵਿਰਕ ਨੇ ਘਟਨਾ ਸਥਾਨ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਬਖ਼ਸ਼ੀ ਟਰੈਵਲ ਕੰਪਨੀ ਅਤੇ ਬੀ ਬੀ ਸਕੂਲ ਆਫ ਆਇਲੈਟਸ ਦੇ ਮਾਲਕ ਮਨੀਸ਼ ਬਖਸ਼ੀ ਉਰਫ ਮੰਨੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਨਕੋਦਰ ਨੂੰ 11 ਨਵੰਬਰ 2025 ਨੂੰ ਵਿਦੇਸ਼ੀ ਮੋਬਾਈਲ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਈਆਂ ਸਨ। ਕਾਲਾਂ ਕਰਨ ਵਾਲਿਆਂ ਨੇ ਗੈਂਗਸਟਰ ਗਰੋਹ ਦੇ ਮੈਂਬਰ ਹੋਣ ਦਾ ਦਾਅਵਾ ਕਰਦਿਆਂ 5 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਸਬੰਧ ਵਿਚ ਸਿਟੀ ਥਾਣਾ ਨਕੋਦਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। 16/17 ਜਨਵਰੀ 2026 ਦੀ ਵਿਚਕਾਰਲੀ ਰਾਤ ਨੂੰ, ਸ਼ਿਕਾਇਤਕਰਤਾ ਨੂੰ ਵਿਦੇਸ਼ੀ ਨੰਬਰਾਂ ਤੋਂ ਹੋਰ ਧਮਕੀ ਭਰੇ ਸੁਨੇਹੇ ਮਿਲੇ ਜਿਸ ਵਿੱਚ ਜਬਰੀ ਵਸੂਲੀ ਦੀ ਰਕਮ ਦਾ ਭੁਗਤਾਨ ਨਾ ਕਰਨ ਕਰ ਕੇ ਉਸ ਦੇ ਦਫਤਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਦਾ ਇਕ ਹੋਰ ਮੁਕੱਦਮਾ ਥਾਣਾ ਸਿਟੀ ਨਕੋਦਰ ਵਿੱਚ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੀਮਾਂ ਵੱਲੋਂ ਆਧੁਨਿਕ ਯੰਤਰਾਂ ਨਾਲ ਜਾਂਚ ਕੀਤੀ ਗਈ। ਅੱਜ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਨਕੋਦਰ ਗੋਲੀਬਾਰੀ ਦੇ ਮੁਕੱਦਮਿਆਂ ਵਿੱਚ ਲੋੜੀਂਦੇ ਮੁਲਜ਼ਮ ਇਕ ਹੋਰ ਘਟਨਾ ਨੂੰ ਅੰਜਾਮ ਦੇਣ ਲਈ ਇਲਾਕੇ ਵਿੱਚ ਘੁੰਮ ਰਹੇ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆ ਨੂਰਮਹਿਲ ਰੋਡ ’ਤੇ ਸਰਕਪੁਰ ਨੂੰ ਜਾਂਦੀ ਸੰਪਰਕ ਸੜਕ ’ਤੇ ਨਾਕਾਬੰਦੀ ਕਰ ਲਈ। ਨਾਕਾਬੰਦੀ ਦੌਰਾਨ 2 ਮੋਟਰਸਾਈਕਲ ਸਵਾਰ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਰੁਕਣ ਦੀ ਬਜਾਏ ਪੁਲੀਸ ਉੱਪਰ ਗੋਲੀ ਚਲਾ ਦਿਤੀ। ਪੁਲੀਸ ਵੱਲੋਂ ਸਵੈ ਰੱਖਿਆ ਲਈ ਕੀਤੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਅੰਕਿਤ ਕੁਮਾਰ ਉਰਫ ਅੰਕਿਤ ਨੂੰ ਗੋਲੀ ਲੱਗ ਗਈ ਅਤੇ ਹਰਿੰਦਰ ਗੁਪਤਾ ਉਰਫ ਹਰਿੰਦਰ ਦੀ ਲੱਤ ਫਰੈਕਚਰ ਹੋ ਗਈ। ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 30 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਨੂੰ ਪੁਲੀਸ ਦੀ ਨਿਗਰਾਨੀ ਹੇਠ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

Advertisement
Advertisement
×