ਪੱਤਰ ਪ੍ਰੇਰਕ
ਭੋਗਪੁਰ, 23 ਸਤੰਬਰ
ਥਾਣਾ ਭੋਗਪੁਰ ਦੀ ਪੁਲੀਸ ਨੇ ਨਸ਼ਾ ਤਸਕਰ ਨੂੰ 260 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਐਸਆਈ ਰਾਮ ਕਿਸ਼ਨ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੀ ਸੀ ਅਤੇ ਜਦੋਂ ਉਹ ਪਿੰਡ ਰਾਜਪੁਰ ਵਾਲੇ ਮੋੜ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਵਾਲੇ ਪਾਸਿਓਂ ਇਕ ਨੌਜਵਾਨ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿੱਚੋਂ ਮੋਮੀ ਲਿਫ਼ਾਫ਼ਾ ਕੱਢ ਕੇ ਝਾੜੀਆਂ ਵਿੱਚ ਸੁੱਟ ਦਿੱਤਾ। ਪੁਲੀਸ ਪਾਰਟੀ ਨੂੰ ਸ਼ੱਕ ਪੈਣ ਕਰ ਕੇ ਉਨ੍ਹਾਂ ਮੋਮੀ ਲਿਫ਼ਾਫ਼ਾ ਝਾੜੀਆਂ ਵਿੱਚੋਂ ਕੱਢ ਕੇ ਖੋਲ੍ਹਿਆ ਤਾਂ ਉਸ ਵਿੱਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਨਸ਼ਾ ਤਸਕਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਨਸ਼ਾ ਤਸਕਰ ਦੀ ਪਛਾਣ ਰੁਪਿੰਦਰ ਪਾਲ ਸਿੰਘ ਉਰਫ ਮੁੰਨਾ ਪੁੱਤਰ ਰਸ਼ਪਾਲ ਸਿੰਘ ਵਾਸੀ ਸਨੌਰਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਜਿਸ ਵਿਰੁੱਧ ਥਾਣਾ ਭੋਗਪੁਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਲੈ ਕੇ ਇਹ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਨਸ਼ਾ ਤਸਕਰ ਨੇ ਕਿਥੋਂ ਹੈਰੋਇਨ ਲਿਆਂਦੀ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ।
ਪਤੀ-ਪਤਨੀ 265 ਗ੍ਰਾਮ ਹੈਰੋਇਨ ਸਣੇ ਕਾਬੂ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਨਿੰਮ ਵਾਲੀ ਘਾਟੀ ਦੇ ਨਜ਼ਦੀਕ ਰਹਿਣ ਵਾਲੇ ਦੋ ਤਸਕਰਾਂ ਨੂੰ 265 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਏਐਸਆਈ ਜਸਬੀਰ ਸਿੰਘ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਸਥਾਨਕ ਰੰਗ ਫੈਕਟਰੀ ਵਾਲੇ ਚੌਕ ਵਿੱਚ ਮੌਜੂਦ ਸਨ। ਇਸ ਦੌਰਾਨ ਧਾਗਾ ਮਿੱਲ ਵਾਲੇ ਪਾਸਿਓਂ ਮੋਟਰਸਾਈਕਲ ਸਵਾਰ ਔਰਤ ਅਤੇ ਮਰਦ ਆਉਂਦੇ ਦਿਖਾਈ ਦਿੱਤੇ। ਉਹ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਮੋਟਰਸਾਈਕਲ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਹ ਡਿੱਗ ਗਏ। ਮੌਕੇ ਤੇ ਪੁਲੀਸ ਪਾਰਟੀ ਵੱਲੋਂ ਤਲਾਸ਼ੀ ਲੈਣ ਦੌਰਾਨ ਉਨ੍ਹਾਂ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ ਨਿੰਮਾ ਪੁੱਤਰ ਮੁਖਤਾਰ ਸਿੰਘ ਅਤੇ ਸਰਬਜੀਤ ਕੌਰ ਛੱਬੋ ਪਤਨੀ ਬਲਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ।