ਜਗਜੀਤ ਸਿੰਘ
ਮੁਕੇਰੀਆਂ, 23 ਅਗਸਤ
ਹਿਮਾਚਲ ਪ੍ਰਦੇਸ਼ ਤੋਂ ਪੌਂਗ ਡੈਮ ਵਿੱਚ ਹੋ ਰਹੀ ਬਾਰਿਸ਼ ਕਾਰਨ ਸ਼ਾਮ ਕਰੀਬ 4 ਵਜੇ ਦਰਜ ਕੀਤੀ ਗਈ 1,42,781 ਕਿਉੁੂਸਿਕ ਪਾਣੀ ਦੀ ਆਮਦ ਦੇ ਮੱਦੇਨਜ਼ਰ ਅੱਗੇ 67457 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਤੋਂ ਇਲਾਵਾ ਚੱਕੀ ਦਰਿਆ ਦਾ ਪਾਣੀ ਵੀ ਬਿਆਸ ਦਰਿਆ ਵਿੱਚ ਆਉਣ ਕਾਰਨ ਸੰਭਾਵੀ ਹਾਲਾਤ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਕੋਮਲ ਮਿੱਤਲ ਨੇ ਲੋਕਾਂ ਨੂੰ ਨੀਵੇਂ ਇਲਾਕਿਆਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ।
ਬੀਤੇ ਦਨਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਹਲੇੜ, ਸਨਿਆਲ, ਮਹਿਤਾਬਪੁਰ ਅਤੇ ਕਲੋਤਾ ਵਿਖੇ ਲਗਾਏ ਰਾਹਤ ਕੈਂਪਾਂ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵਲੋਂ ਦੱਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਤੇਜ਼ ਬਾਰਸ਼ ਕਾਰਨ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪੌਂਗ ਡੈਮ ਵਲੋਂ ਮੌਜੂਦਾ ਛੱਡੇ ਜਾ ਰਹੇ ਪਾਣੀ ਤੋਂ ਵੱਧ ਪਾਣੀ ਛੱਡਿਆ ਜਾ ਸਕਦਾ ਹੈ ਜਿਸ ਕਾਰਨ ਲੋਕ ਬਿਆਸ ਦਰਿਆ ਅਤੇ ਨੀਵੇਂ ਇਲਾਕਿਆਂ ਵੱਲ ਨਾ ਜਾਣ ਅਤੇ ਰਾਤਾਂ ਵੀ ਸੁਚੇਤ ਹੋ ਕੇ ਕੱਟਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਤੇ ਖਾਸ ਕਰਕੇ ਨੌਜਵਾਨ ਦਰਿਆ ਵਿੱਚ ਨਹਾਉਣ ਅਤੇ ਸੈਲਫੀ ਆਦਿ ਖਿੱਚਣ ਤੋਂ ਵੀ ਗੁਰੇਜ਼ ਕਰਨ ਕਿਉਂਕਿ ਪਿਛਲੇ ਦਨਿੀਂ ਕਈ ਹਾਦਸੇ ਇਸੇ ਕਾਰਨ ਹੋਏ ਹਨ। ਮੌਜੂਦ ਸਮੇਂ ਪੌਂਗ ਡੈਮ ਵਲੋਂ 67 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਪੌਂਗ ਡੈਮ ਦੇਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਡੈਮ ਵਲੋਂ ਛੱਡੇ ਜਾ ਰਹੇ ਪਾਣੀ ਨੂੰ ਹੋਰ ਵਧਾਇਆ ਜਾ ਸਕਦਾ ਹੈ, ਪਰ ਇਸ ਸਬੰਧੀ ਚਿਤਾਵਨੀ ਪਹਿਲਾਂ ਜਾਰੀ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਰੈੱਡ ਕਰਾਸ ਸੁਸਾਇਟੀ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੀਬੀਐਮਬੀ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਧੁੱਸੀ ਬੰਨ੍ਹਾਂ ਦੀ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਬਣਾਏ ਗਏ ਹੜ੍ਹ ਕੰਟਰੋਲ ਰੂਮਾਂ ਨਾਲ ਸੰਪਰਕ ਕੀਤਾ ਜਾਵੇ।
ਰਾਵੀ ਦਰਿਆ ’ਚ ਪਿਆ ਪਾੜ ਪੂਰਨ ਲਈ ਡੀਸੀ ਨੂੰ ਮੰਗ ਪੱਤਰ ਸੌਂਪਿਆ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਸੰਯੁਕਤ ਕਿਸਾਨ ਮੋਰਚੇ ਦਾ ਇਕ ਵਫਦ ਅੱਜ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਡਿਪਟੀ ਕਮਿਸਨਰ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ ਨੂੰ ਮਿਲਿਆ। ਵਫਦ ਨੇ ਡਿਪਟੀ ਕਮਿਸਨਰ ਦੇ ਧਿਆਨ ਵਿੱਚ ਲਿਆਂਦਾ ਕਿ ਰਾਵੀ ਦਰਿਆ ਦੇ ਧੁੱਸੀ ਬੰਨ੍ਹ ’ਤੇ ਪੈਂਦੇ ਪਿੰਡ ਸਹੂਰ ਅਤੇ ਦੋਸਤਪੁਰ ਕੋਲ ਧੁੱਸੀ ਬੰਨ੍ਹ ਵਿੱਚ ਤਿੰਨ ਵੱਡੇ ਪਾੜ ਪਏ ਹੋਏ ਹਨ, ਜੋ ਸੰਭਾਵਿਤ ਹੜ੍ਹ ਆਉਣ ਤੇ ਇਲਾਕੇ ਦਾ ਭਾਰੀ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਪਾੜਾਂ ਨੂੰ ਪੂਰਨ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸਨਰ ਨੂੰ ਦਿੱਤਾ ਗਿਆ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਵਫਦ ਨੇ ਮੀਟਿੰਗ ਦੌਰਾਨ ਡੀ.ਸੀ ਗੁਰਦਾਸਪੁਰ ਕੋਲੋਂ ਮੰਗ ਕੀਤੀ ਕਿ ਰਾਵੀ ਦਰਿਆ ਵਿੱਚ ਪਾਣੀ ਆਉਣ ਤੋਂ ਪਹਿਲਾਂ ਕਮਜ਼ੋਰ ਥਾਂਵਾਂ ਤੋਂ ਮੁਰੰਮਤ ਕਰਨ ਦਾ ਕੰਮ ਪੂਰਾ ਕਰ ਲਿਆ ਜਾਵੇ, ਕਿਉਂਕਿ ਕੰਡਿਆਲੀ ਤਾਰ ਵਾਲੀ ਧੁੱਸੀ ਤੇ ਬੁਰਜੀ ਨੰਬਰ 34/1 ਅਤੇ ਬਾਊਪੁਰ ਪਿੰਡ ਲਾਗੇ ਤਕਰੀਬਨ ਦੋ ਕਿਲੋਮੀਟਰ ਧੁੱਸੀ ਤੇ ਮਿੱਟੀ ਪਾ ਕੇ ਇਸਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਸੰਭਾਵਿਤ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸਨਰ ਡਾ. ਹਿਮਾਂਸੂ ਅਗਰਵਾਲ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਪਾੜਾਂ ਨੂੰ ਪੂਰਨ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਸਤਲੁਜ ਦਾ ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਤਰਨ ਤਾਰਨ (ਗੁਰਬਖਸ਼ਪੁਰੀ): ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਘੜੂੰਮ (ਹਰੀਕੇ) ਨੇੜੇ ਪੰਜ ਦਨਿ ਪਹਿਲਾਂ ਪਏ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਅਤੇ ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ ਦੇ ਸੇਵਾਦਾਰਾਂ ਵਲੋਂ ਬੀਤੇ ਦਿਨਾਂ ਤੋਂ ਹੀ ਰਾਤ ਦਨਿ ਕੀਤੇ ਜਾ ਰਹੇ ਯਤਨਾਂ ਸਦਕਾ ਅੱਜ ਤੱਕ 200 ਪਾੜ ਵਿੱਚ ਮਿੱਟੀ ਦੇ ਤੋੜਿਆਂ ਦੀਆਂ ਬੋਰੀਆਂ ਵਿਛਾ ਦਿੱਤੀਆਂ ਗਈਆਂ ਹਨ| ਇਸ ਦੇ ਨਾਲ ਹੀ ਦਰਿਆ ਦੇ ਪਾੜ ਕਰਕੇ ਆਸ ਪਾਸ ਦੇ 19 ਪਿੰਡਾਂ ਦੇ ਸੈਂਕੜੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਅੰਦਰ ਜਾ ਵੜੇ ਪਾਣੀ ਦੀ ਅੱਜੇ ਤੱਕ ਵੀ ਨਿਕਾਸੀ ਨਾ ਹੋਣ ਕਰਕੇ ਫਸਲਾਂ ਦੇ ਤਬਾਹ ਹੋ ਜਾਣ ਦਾ ਖਦਸ਼ਾ ਬਣ ਗਿਆ ਹੈ| ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਅੱਜ ਇਥੇ ਦੱਸਿਆ ਕਿ ਪਾੜ ਨੂੰ ਪੂਰਨ ਲਈ ਬੀਤੇ ਚਾਰ ਦਿਨਾਂ ਤੋਂ ਹੀ ਪ੍ਰਸ਼ਾਸਨ ਵਲੋਂ 400 ਨਰੇਗਾ ਕਾਮੇ ਅਤੇ 600 ਕਾਰਸੇਵਾ ਦੇ ਸ਼ਰਧਾਲੂ ਰਾਤ ਦਨਿ ਪਾੜ ਪੂਰਨ ਦੀ ਦੇ ਕੰਮ ’ਤੇ ਲੱਗੇ ਹੋਏ ਸਨ ਜਿਸ ਕਰਕੇ ਬੰਨ੍ਹ ਨੂੰ ਪੂਰਨ ਦਾ ਪੂਰੇ ਦਾ ਪੂਰਾ ਕੰਮ ਆਪਣੇ ਨਿਰਧਾਰਿਤ ਸਮੇਂ ਸ਼ਨਿਚਰਵਾਰ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ| ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਆਈਏਐਸ ਅਤੇ ਪੀਸੀਐੱਸ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਦੀ ਜਾਰੀ ਸੂਚੀ ਵਿੱਚ ਸ਼ਾਮਲ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਅੱਜ ਇਥੋਂ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਪਾੜ ਨੂੰ ਪੂਰਨ ਲਈ ਕਾਰਸੇਵਾ ਸੰਪਰਦਾ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਵਲੋਂ ਇਸ ਔਖੀ ਘੜੀ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਉਨ੍ਹਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ| ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾੜ ਆਪਣੇ ਨਿਰਧਾਰਿਤ ਸਮੇਂ ਸ਼ਨਿਚਰਵਾਰ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣ ਦੀ ਪੂਰੀ ਪੂਰੀ ਉਮੀਦੀ ਕੀਤੀ ਜਾ ਰਹੀ ਹੈ।