ਪੱਤਰ ਪ੍ਰੇਰਕ
ਬਲਾਚੌਰ, 8 ਜੁਲਾਈ
ਤਹਿਸੀਲਦਾਰ ਚੇਤਨ ਬੰਗੜ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਐੱਸਡੀਐੱਮ ਜਸਬੀਰ ਸਿੰਘ ਵੱਲੋਂ ਸਿਹਤ ਵਿਭਾਗ ਦੀ ਸੈਂਪਲਿੰਗ ਟੀਮ ਪਾਸੋਂ ਸਵੈਇੱਛਾ ਨਾਲ ਖੁਦ ਦਾ ਕਰੋਨਾਵਾਇਰਸ ਦਾ ਟੈਸਟ ਕਰਵਾਇਆ। ਐੱਸਡੀਐੱਮ ਨੇ ਕਿਹਾ ਕਿ ਆਪਣੇ ਇੱਕ ਅਧਿਕਾਰੀ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ, ਉਹ ਜਿੱਥੇ ਖੁਦ ਸਵੈ-ਇਕਾਂਤਵਾਸ ’ਚ ਚਲੇ ਗਏ ਹਨ, ਉੱਥੇ ਹੀ ਉਹ ਆਪਣੇ ਸਟਾਫ਼ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜੋ ਨਿਯਮ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਲਈ ਬਣਾਏ ਗਏ ਹਨ ਉਹ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਵੀ ਇਨ-ਬਿਨ ਲਾਗੂ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਸਮੇਤ ਤਹਿਸੀਲ ਸਟਾਫ਼ ਦੇ 59 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਤਹਿਸੀਲ ਕੰਪਲੈਕਸ ਵੀ ਪੂਰੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਨੂੰ ਸ਼ੁੱਕਰਵਾਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਅੱਜ ਸੈਂਪਲ ਦੇਣ ਵਾਲੇ ਸਮੁੱਚੇ ਸਟਾਫ਼ ਨੂੰ ਰਿਪੋਰਟ ਆਉਣ ਤੱਕ ਘਰਾਂ ’ਚ ਇਕਾਂਤਵਾਸ ’ਚ ਜਾਣ ਦੀ ਹਦਾਇਤ ਕੀਤੀ ਗਈ ਹੈ।