ਪਾਲ ਸਿੰਘ ਨੌਲੀ
ਜਲੰਧਰ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸੇ ਦੌਰਾਨ ਦਿਹਾਤੀ ਮਜ਼ਦੂਰ ਸਭਾ ਵੱਲੋਂ ਕਸਬਾ 4ਜਮਸ਼ੇਰ ਮੁਕੰਮਲ ਬੰਦ ਕੀਤਾ ਗਿਆ ਤੇ ਜਲੰਧਰ ਜੰਡਿਆਲਾ ਰੋਡ ਬੰਦ ਕਰਕੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਨੀਤੀਆਂ ਖਿਲਾਫ ਸਾਰੇ ਦੇਸ਼ ਦਾ ਹਰ ਵਰਗ ਬੰਦ ਵਿਚ ਸ਼ਾਮਲ ਹੋਇਆ ਹੈ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਜਲੰਧਰ ਦੇ ਵੱਖ-ਵੱਖ ਥਾਵਾਂ ’ਤੇ ਧਰਨਾ ਦਿੱਤਾ। ਜ਼ਿਲ੍ਹ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਲੋਹੀਆਂ ਟੀ ਪੁਆਇੰਟ ’ਤੇ ਅਤੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਅਤੇ ਨਿਰਮਲ ਸਿੰਘ ਢੰਡੋਵਾਲ ਦੀ ਪ੍ਰਧਾਨਗੀ ਹੇਠ ਸ਼ਾਹਕੋਟ-ਮਲਸੀਆਂ ਰੇਲਵੇ ਕਰਾਸਿੰਗ ਉਪਰਲੇ ਪੁਲ ਅਤੇ ਰਣਜੀਤ ਸਿੰਘ ਬੱਲ ਨੌਂ ਵੱਲੋਂ ਮੱਲ੍ਹੀਆਂ ਵਿਖੇ ਧਰਨਾ ਲਗਾਇਆ ਗਿਆ। ਇਸ ਮੌਕੇ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਪਹੁੰਚੇ।
ਟਾਂਡਾ(ਸੁਰਿੰਦਰ ਸਿੰਘ ਗੋਰਾਇਆ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ’ਤੇ ਅੱਜ ਟਾਂਡਾ, ਉੜਮੁੜ, ਅੱਡਾ ਸਰਾਂ, ਚੋਲਾਂਗ ਅਤੇ ਮਿਆਣੀ ਵਿਚ ਵਪਾਰੀ ਵਰਗ ਵੱਲੋਂ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖ ਕੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ। ਕਿਸਾਨ ਅਤੇ ਸਹਿਯੋਗੀ ਜਥੇਬੰਦੀਆਂ ਨੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਜਾਜਾ ਅਤੇ ਬਿਜਲੀ ਘਰ ਚੌਂਕ ਵਿਚ ਆਵਾਜਾਈ ਠੱਪ ਕਰਕੇ ਵਿਸ਼ਾਲ ਧਰਨੇ ਦਿੱਤੇ। ਜਾਜਾ ਚੌਂਕ ਵਿੱਚ ਕਿਸਾਨ ਆਗੂ ਦਿਲਬਾਗ ਸਿੰਘ ਸਹਬਿਾਜ਼ਪੁਰ, ਅਮਰਜੀਤ ਸਿੰਘ ਰੜ੍ਹਾ, ਅਵਤਾਰ ਸਿੰਘ ਤਾਰੀ, ਮਲਕੀਤ ਸਿੰਘ ਢੱਟ, ਪ੍ਰੀਤ ਮੋਹਨ ਸਿੰਘ ਹੈਪੀ, ਜੁਝਾਰ ਸਿੰਘ ਕੇਸੋਪੁਰ, ਮਨਜੀਤ ਸਿੰਘ ਖਾਲਸਾ, ਰਣਜੀਤ ਸਿੰਘ ਸਿੱਧੂ, ਸੁਖਵੀਰ ਸਿੰਘ ਚੌਹਾਨ ਨੇ ਧਰਨੇ ਦੀ ਅਗਵਾਈ ਕੀਤੀ। ਇਸੇ ਤਰ੍ਹਾਂ ਬਿਜਲੀ ਘਰ ਚੌਕ ਵਿੱਚ ਦੋਆਬਾ ਕਿਸਾਨ ਕਮੇਟੀ ਨੇ ਵਿਸ਼ਾਲ ਧਰਨਾ ਦੇ ਕੇ ਵਿਰੋਧ ਕੀਤਾ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਟਾਂਡਾ- ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਬਿਆਸ ਪੁਲ ’ਤੇ ਅਤੇ ਇਥੋਂ ਦੇ ਸਰਕਾਰੀ ਹਸਪਤਾਲ ਚੌਕ ਵਿਚ ਕੇਂਦਰ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ, ਜ਼ੋਨ ਪ੍ਰਧਾਨ ਟਾਂਡਾ ਪਰਮਜੀਤ ਸਿੰਘ ਭੁੱਲਾ ਅਤੇ ਅਰਵਿੰਦਰ ਸਿੰਘ ਸੋਨੂੰ ਦੀ ਅਗਵਾਈ ਵਿੱਚ ਚੱਕਾ ਜਾਮ ਕੀਤਾ ਗਿਆ।
ਹੁਸ਼ਿਆਰਪੁਰ(ਹਰਪ੍ਰੀਤ ਕੌਰ): ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਅੱਜ ਹੁਸ਼ਿਆਰਪੁਰ ਮੁਕੰਮਲ ਤੌਰ ’ਤੇ ਬੰਦ ਰਿਹਾ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਵਪਾਰਕ ਤੇ ਵਿਦਿਅਕ ਅਦਾਰੇ ਬੰਦ ਰਹੇ। ਸਰਕਾਰੀ ਦਫ਼ਤਰਾਂ ਦਾ ਕੰਮਕਾਜ ਵੀ ਠੱਪ ਰਿਹਾ। ਰੇਲ ਤੇ ਬਸ ਸੇਵਾਵਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆਈ। ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਪੁਰਹੀਰਾਂ ਬਾਈਪਾਸ ਵਿਖੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ ਜਿਸ ਕਰਕੇ ਆਵਾਜਾਈ ਪੂਰਨ ਤੌਰ ’ਤੇ ਸ਼ਾਮ 4 ਵਜੇ ਤੱਕ ਬੰਦ ਰਹੀ। ਧਰਨੇ ਨੂੰ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਨੇ ਸੰਬੋਧਨ ਕੀਤਾ। ਲਾਚੋਵਾਲ ਟੌਲ ਪਲਾਜ਼ਾ ’ਤੇ ਵੀ ਧਰਨਾ ਦਿੱਤਾ ਗਿਆ।
ਕਰਤਾਰਪੁਰ(ਗੁਰਨੇਕ ਸਿੰਘ ਵਿਰਦੀ): ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਪੇਂਡੂ ਮਜ਼ਦੂਰ ਯੂਨੀਅਨ ਨੇ ਕਰਤਾਰਪੁਰ ਦੇ ਮੁੱਖ ਚੌਕ ਪੇਂਡੂ ਮਜ਼ਦੂਰ ਯੂਨੀਅਨ ਨੇ ਕਰਤਾਰਪੁਰ ਦੇ ਮੁੱਖ ਚੌਕ ਪੁਲ ਹੇਠਾਂ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕੀਤਾ । ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਬਲਬੀਰ ਸਿੰਘ ਧੀਰਪੁਰ ਅਤੇ ਗੁਰਨਾਮ ਸਿੰਘ ਚੀਦਾ ਨੇ ਸੰਬੋਧਨ ਕੀਤਾ।
ਤਰਨ ਤਾਰਨ ਵਿੱਚ ਬੀਬੀਆਂ ਨੇ ਕੀਤੀ ਭਰਵੀਂ ਸ਼ਮੂਲੀਅਤ

ਤਰਨ ਤਾਰਨ(ਗੁਰਬਖਸ਼ਪੁਰੀ): ਕੇਂਦਰ ਸਰਕਾਰ ਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ‘ਭਾਰਤ ਬੰਦ’ ਦੇ ਸੱਦੇ ਨੂੰ ਜ਼ਿਲ੍ਹੇ ਅੰਦਰ ਜ਼ਬਰਦਸਤ ਹੁੰਗਾਰਾ ਮਿਲਿਆ| ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਸੜਕਾਂ ਉੱਤੇ ਧਰਨੇ ਲਗਾ ਕੇ ਆਵਜਾਈ ਠੱਪ ਕਰਕੇ ਰੱਖ ਦਿੱਤੀ| ਬੰਦ ਨੂੰ ਦੁਕਾਨਦਾਰਾਂ, ਮੁਲਾਜ਼ਮਾਂ ਸਮੇਤ ਸਮਾਜ ਦੇ ਹੋਰਨਾਂ ਸਾਰੇ ਵਰਗਾਂ ਨੇ ਵੀ ਸਮਰਥਨ ਦਿੱਤਾ| ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਕੌਮੀ ਸ਼ਾਹ ਮਾਰਗ ’ਤੇ ਤਰਨ ਤਾਰਨ-ਸਰਹਾਲੀ ਸੜਕ ਤੇ ਧਰਨਾ ਦਿੱਤਾ| ਬੰਦ ਦੀ ਹਮਾਇਤ ਵਿੱਚ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤਰਨ ਤਾਰਨ ਵੱਲੋਂ ਗੁਰੂ-ਕਾ-ਲੰਗਰ ਦੀ ਸੇਵਾ ਨਿਭਾਈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵੱਲੋਂ ਤਰਨ ਤਾਰਨ–ਫਿਰੋਜ਼ਪੁਰ ਨੂੰ ਜੋੜਨ ਵਾਲੇ ਭੋਏਵਾਲ ਪੁੱਲ ਉੱਤੇ ਵੀ ਧਰਨੇ ਦਿੱਤੇ ਗਏ|
ਵਿਦਿਆਰਥੀਆਂ ਅਤੇ ਪੈਨਸ਼ਨਰਾਂ ਵੱਲੋਂ ਕਿਸਾਨਾਂ ਦੇ ਹੱਕ ’ਚ ਧਰਨਾ

ਅੰਮ੍ਰਿਤਸਰ(ਮਨਮੋਹਨ ਸਿੰਘ ਢਿੱਲੋਂ):ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਿੱਤੇ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਮੁਕੰਮਲ ਹੁੰਗਾਰਾ ਮਿਲਿਆ। ਦੁਕਾਨਾਂ ਤੇ ਕਾਰੋਬਾਰ ਬੰਦ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਪ੍ਰਧਾਨ ਬਾਈ ਅਮਰਜੀਤ ਸਿੰਘ, ਪ੍ਰੋ. ਅਮਰਜੀਤ ਸਿੰਘ ਸਿੱਧੂ, ਜਨਰਲ ਸਕੱਤਰ ਰਮੇਸ਼ ਸ਼ਰਮਾ ਦੀ ਅਗਵਾਈ ਵਿਚ ਯੂਨੀਵਰਸਿਟੀ ਗੇਟ ’ਤੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਜਥੇਬੰਦੀ ਲਲਕਾਰ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਪ੍ਰੋ. ਅਮਰਜੀਤ ਸਿੰਘ ਸਿੱਧੂ, ਪ੍ਰੋ. ਜਗਰੂਪ ਸਿੰਘ ਸੇਖੋਂ ਅਤੇ ਅਮਰਜੀਤ ਸਿੰਘ ਬਾਈ ਨੇ ਕਿਹਾ ਕਿ ਚੱਲ ਰਿਹਾ ਮਜ਼ਬੂਤ ਕਿਸਾਨ ਅੰਦੋਲਨ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ। ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ ਦੀ ਅਗਵਾਈ ਵਿਚ ਲੇਖਕਾਂ ਨੇ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ। ਇਸ ਦੌਰਾਨ ਕਿਸਾਨਾਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦੇਣ ਲਈ ਖਾਲਸਾ ਕਾਲਜ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਵੀ ਅੱਜ ਬੰਦ ਰਹੀਆਂ।
ਗੁਰਦਾਸਪੁਰ(ਜਤਿੰਦਰ ਬੈਂਸ): ਸੰਯੁਕਤ ਕਿਸਾਨ ਮੋਰਚੇ ਤਹਿਤ ਬੰਦ ਦੇ ਸੱਦੇ ਨੂੰ ਗੁਰਦਾਸਪੁਰ ਸ਼ਹਿਰ ਅਤੇ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ। ਦੁਕਾਨਾਂ ਤੋਂ ਇਲਾਵਾ ਅਦਾਲਤਾਂ ਅੰਦਰ ਵੀ ਘੱਟ ਹਾਜ਼ਰੀ ਵੇਖਣ ਨੂੰ ਮਿਲੀ। ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸ਼ਹਿਰ ਦੇ ਰੇਲਵੇ ਫਾਟਕ ’ਤੇ ਵੱਡਾ ਇੱਕਠ ਕੀਤਾ ਗਿਆ। ਬੰਦ ਵਿੱਚ ਸ਼ਾਮਲ ਔਰਤਾਂ ਤੇ ਮਰਦਾਂ ਨੇ ਹੱਥਾਂ ਵਿੱਚ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖਿਲਾਫ਼ ਬੈਨਰ ਫੜੇ ਹੋਏ ਸਨ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗੁਰਦਾਸਪੁਰ ਡੇਰਾ ਬਾਬਾ ਨਾਨਕ ਸੜਕ ਉੱਤੇ ਸਥਿਤ ਜੋੜਾਂ ਛੱਤਰਾਂ ਵਿਖੇ ਸੜਕ ਉੱਤੇ ਜਾਮ ਲਾਉਣ ਤੋਂ ਇਲਾਵਾ ਇਲਾਕੇ ਅੰਦਰ ਮਾਰਚ ਕੀਤਾ ਗਿਆ।ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਕਿਸਾਨਾਂ ਕੋਲੋਂ ਝੋਨੇ ਦੀ ਖਰੀਦ ਲਈ ਜ਼ਮੀਨੀ ਵੇਰਵੇ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ 30 ਸਤੰਬਰ ਨੂੰ ਡਿਪਟੀ ਕਮਿਸ਼ਨ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ।
ਦੁਕਾਨਦਾਰਾਂ ਨੇ ਵੀ ਕੀਤਾ ਕਾਲੇ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰਾ

ਚੇਤਨਪੁਰਾ(ਰਣਬੀਰ ਸਿੰਘ ਮਿੰਟੂ): ਕਸਬਾ ਚੇਤਨਪੁਰਾ, ਜਗਦੇਵ ਕਲਾਂ,ਸੋਹੀਆ ਕਲਾ, ਨਵਾ ਪਿੰਡ ਮਹੱਦੀਪੁਰ,ਗੁਰੂ ਕਾ ਬਾਗ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਮੱਦੇਨਜਰ ਸਮੂਹ ਦੁਕਾਨਦਾਰਾਂ ਵੱਲੋ ਨੰਬਰਦਾਰ ਇੰਦਰਜੀਤ ਸਿੰਘ ਬੰਬ,ਕਾਮਰੇਡ ਦਲਜੀਤ ਸਿੰਘ ਚੇਤਨਪੁਰਾ ਦੀ ਅਗਵਾਈ ਹੇਠ ਪੂਰਨ ਤੌਰ ਤੇ ਬਜਾਰ ਬੰਦ ਕਰਕੇ ਕਿਸਾਨਾਂ ਦੀ ਹਮਾਇਤ ਵਿੱਚ ਕੇਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕਰਦਿਆਂ ਰੋਸ ਮੁਜਾਹਰਾ ਕੀਤਾ ਗਿਆ।
ਭਾਰਤ ਬੰਦ ਦੀ ਸਫਲਤਾ ਲਈ ਕੀਤਾ ਖੂਨਦਾਨ
ਸ਼ਾਹਕੋਟ(ਗੁਰਮੀਤ ਖੋਸਲਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ 150 ਖੂਨ ਦਾਨੀਆਂ ਵੱਲੋਂ ਖੂਨ ਦਾਨ ਕਰਕੇ ਸਮਰਥਨ ਕੀਤਾ ਗਿਆ। ਸ਼ਾਹਕੋਟ-ਮੋਗਾ ਰਾਸ਼ਟਰੀ ਹਾਈਵੇ ਉੱਪਰ ਟੋਲ ਪਲਾਜਾ ਦੇ ਨਜ਼ਦੀਕ ਕਿਸਾਨਾਂ ਵੱਲੋਂ ਧਰਨਾ ਲਗਾਇਆ ਸੀ। ਡਾਕਟਰੀ ਕਿੱਤੇ ਨਾਲ ਸਬੰਧਤ ਕਈ ਸੰਸਥਾਵਾਂ ਨੇ ਰਲ ਕੇ ਬੰਦ ਦੇ ਸਮਰਥਨ ਵਿਚ ਖੂਨਦਾਨ ਕੈਂਪ ਲਗਾਇਆ ਸੀ। ਇਸ ਮੌਕੇ 150 ਖੂਨਦਾਨੀਆਂ ਨੇ ਖੂਨਦਾਨ ਕਰਕੇ ਬੰਦ ਦਾ ਸਮਰਥਨ ਕੀਤਾ।