
ਜ਼ਖ਼ਮੀ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ।
ਜਸਬੀਰ ਸਿੰਘ ਚਾਨਾ
ਫਗਵਾੜਾ, 8 ਦਸੰਬਰ
ਪਿੰਡ ਪਾਂਸ਼ਟਾ ਵਿੱਚ ਸੰਨ 2018 ’ਚ ਹੋਈ ਲੜਾਈ ਦਾ ਰਾਜ਼ੀਨਾਮਾ ਨਾ ਕਰਨ ਵਾਲੇ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਖਮੀ ਦੀ ਪਛਾਣ ਸਤਪਾਲ ਸਿੰਘ ਵਾਸੀ ਪਾਂਸ਼ਟਾ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਐੱਸਐੱਚਓ ਰਾਵਲਪਿੰਡੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਸਤਪਾਲ ਨੇ ਲੜਾਈ ਝਗੜੇ ਦੇ ਮਾਮਲੇ ’ਚ ਆਪਣੇ ਵਿਰੋਧੀ ਗੋਪਾਲ ਕੁਮਾਰ ’ਤੇ ਧਾਰਾ 452 ਆਈਪੀਸੀ ਅਧੀਨ 2018 ’ਚ ਕੇਸ ਦਰਜ ਕਰਵਾਇਆ ਸੀ ਤੇ ਇਸ ’ਚ ਕਈ ਵਾਰ ਰਾਜ਼ੀਨਾਮਾ ਕਰਨ ਦੀ ਗੱਲਬਾਤ ਚੱਲੀ ਸੀ। ਇਹ ਗੱਲਬਾਤ ਕਿਸੇ ਸਿਰੇ ਨਾ ਚੜ੍ਹਨ ਕਾਰਨ ਦੋਹਾਂ ਧਿਰਾਂ ਦੀ ਆਪਸ ਵਿੱਚ ਖੁੰਦਕ ਵਧੀ ਹੋਈ ਸੀ। ਇਸ ਸਬੰਧੀ ਅਦਾਲਤ ’ਚ ਗਵਾਹੀਆਂ ਵੀ ਹੋ ਚੁੱਕੀਆਂ ਸਨ।
ਅੱਜ ਸਤਪਾਲ ਜਦੋਂ ਆਪਣੇ ਘਰ ਮੌਜੂਦ ਸੀ ਤਾਂ ਉਸ ਨੂੰ ਫ਼ੋਨ ਆਇਆ ਕਿ ਉਸ ਦੀ ਦੁਕਾਨ ’ਤੇ ਕੋਈ ਗਾਹਕ ਆਇਆ ਹੈ। ਸਤਪਾਲ ਨੇ ਪਿੰਡ ਵਿੱਚ ਇਕ ਦੁਕਾਨ ’ਚ ਬਾਲਣ ਵੇਚਣ ਲਈ ਰੱਖਿਆ ਹੋਇਆ ਹੈ। ਜਦੋਂ ਉਹ ਦੁਕਾਨ ’ਤੇ ਪਹੁੰਚਿਆ ਤਾਂ ਉੱਥੇ ਗੋਪਾਲ, ਸਾਹਿਲ ਤੇ ਇਨ੍ਹਾਂ ਦਾ ਇਕ ਹੋਰ ਸਾਥੀ ਮੌਜੂਦ ਸੀ। ਇਨ੍ਹਾਂ ਵਿਅਕਤੀਆਂ ਨੇ ਸੱਤਪਾਲ ਨੂੰ ਰਾਜ਼ੀਨਾਮਾ ਕਰਨ ’ਤੇ ਜ਼ੋਰ ਦਿੱਤਾ ਅਤੇ ਨਾਲ ਹੀ ਦੇਸੀ ਕੱਟੇ ਨਾਲ ਉਸ ’ਤੇ ਫ਼ਾਇਰਿੰਗ ਕਰ ਦਿੱਤੀ। ਇਸ ਕਾਰਨ ਸਤਪਾਲ ਜ਼ਖ਼ਮੀ ਹੋ ਗਿਆ। ਉਸ ਦੇ ਹੱਥ ’ਤੇ ਗੋਲੀ ਲੱਗੀ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਪਾਂਸ਼ਟਾ ’ਚ ਇਲਾਜ ਲਈ ਲਿਜਾਇਆ ਗਿਆ ਪਰ ਗੰਭੀਰ ਹਾਲਤ ਨੂੰ ਦੇਖਦਿਆਂ ਫਗਵਾੜਾ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਰਾਵਲਪਿੰਡੀ ਪੁਲੀਸ ਦੇ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਗੋਪਾਲ ਤੇ ਉਸ ਦੇ ਸਾਥੀ ਸਾਹਿਬ ਕੁਮਾਰ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ