ਪੱਤਰ ਪ੍ਰੇਰਕ
ਫਗਵਾੜਾ, 21 ਸਤੰਬਰ
ਇੱਥੋਂ ਦੇ ਜੀ.ਟੀ.ਰੋਡ ’ਤੇ ਸਥਿਤ ਇੱਕ ਪੈਲੇਸ ’ਚੋਂ ਬੀਤੀ ਰਾਤ ਮਹਿਲਾ ਦਾ ਪਰਸ ਚੋਰੀ ਕਰ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੁਮਨ ਰਾਣੀ ਪਤਨੀ ਤਿਲਕ ਰਾਜ ਜਿਨ੍ਹਾਂ ਦੇ ਲੜਕੇ ਦਾ ਵਿਆਹ ਹੈ ਤੇ ਬੀਤੀ ਰਾਤ ਸ਼ਗਨ ਦਾ ਸਮਾਗਮ ਰੱਖਿਆ ਹੋਇਆ ਸੀ। ਇਸ ਦੌਰਾਨ ਕਰੀਬ 10.15 ਵਜੇ ਇੱਕ ਨੌਜਵਾਨ ਆਇਆ ਤੇ ਸੁਮਨ ਰਾਣੀ ਦਾ ਪਰਸ ਲੈ ਕੇ ਫ਼ਰਾਰ ਹੋ ਗਿਆ। ਉਸ ਨੇ ਦੱਸਿਆ ਕਿ ਪਰਸ ’ਚ ਕਰੀਬ 8 ਤੋਲੇ ਸੋਨਾ ਤੇ 60 ਤੋਂ 70 ਹਜ਼ਾਰ ਰੁਪਏ ਦੀ ਨਕਦੀ ਸੀ। ਘਟਨਾ ਦਾ ਰੌਲਾ ਪੈਂਦੇ ਸਾਰ ਹੀ ਪੈਲੇਸ ਸਟਾਫ਼ ਨੇ ਲੱਗੇ ਕੈਮਰਿਆਂ ਨੂੰ ਖੰਗਾਲਿਆ ਜਿਸ ’ਚ ਇੱਕ ਨੌਜਵਾਨ ਇਸ ਘਟਨਾ ਨੂੰ ਅੰਜਾਮ ਦਿੰਦਾ ਦਿਖਾਈ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਥਾਣੇਦਾਰ ਦਰਸ਼ਨ ਸਿੰਘ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਕਾਬੂ ਕੀਤਾ ਜਾਵੇਗਾ।