ਪੱਤਰ ਪ੍ਰੇਰਕ
ਮੁਕੇਰੀਆਂ, 23 ਅਗਸਤ
ਸਿੱਖ ਸਦਭਾਵਨਾ ਦਲ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਸੂਬਾ ਸਰਕਾਰ ਸਮੇਂ ਸਿਰ ਹੜ੍ਹ ਰੋਕੂ ਪ੍ਰਬੰਧ ਯਕੀਨੀ ਨਹੀਂ ਬਣਾਏ, ਜਿਸ ਦੇ ਚੱਲਦਿਆਂ ਸੂਬੇ ਦੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹ ਅੱਜ ਇੱਥੇ ਸਿੱਖ ਸਦਭਾਵਨਾ ਦਲ ਦੇ ਸੂਬਾਈ ਖਜ਼ਾਨਚੀ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਅਤੇ ਧੁੱਸੀ ਬੰਨ੍ਹਾਂ ਵਿੱਚ ਪਏ ਪਾੜਾਂ ਨੂੰ ਰੋਕਣ ਲਈ ਸਰਕਾਰੀ ਪ੍ਰਬੰਧ ਨਾਕਾਮ ਰਹੇ ਹਨ। ਕੇਵਲ ਲੋਕ ਜਜ਼ਬਿਆਂ ਨਾਲ ਪ੍ਰਣਾਏ ਪੰਜਾਬ ਦੇ ਨੌਜਵਾਨਾਂ ਨੇ ਦਰਿਆਵਾਂ ਦੇ ਬੰਨ੍ਹਾਂ ਨੂੰ ਰੋਕ ਲਗਾਈ ਹੈ। ਉਨ੍ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਵਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਕੋਈ ਠੋਸ ਯਤਨ ਨਾ ਚੁੱਕਣਨ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਸਦਭਾਵਨਾ ਦਲ ਵਲੋਂ ਹੜ ਪੀੜ੍ਹਤਾਂ ਦੀ ਮਦਦ ਲਈ ਜਲਦ ਹੀ ਪਿੰਡਾਂ ਵਿੱਚ ਰਾਸ਼ਨ ਸਮੱਗਰੀ ਵੰਡੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ, ਯੂਨੀਵਰਸਿਟੀਆਂ ਵਿੱਚ ਵੀ ਸਿੱਖ ਇਤਿਹਾਸ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਨਹੀਂ ਕੀਤੀ ਜਾ ਰਹੀ ਅਤੇ ਇਨ੍ਹਾਂ ਅਦਾਰਿਆਂ ਵਿੱਚ ਗੈਰ ਸਿੱਖਾਂ ਨੂੰ ਦਾਖਲੇ ਦੇ ਕੇ ਕੌਮ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਿੱਖ ਸਦਭਾਵਨਾ ਦਲ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਅਤੇ ਪੰਜਾਬੀਆਂ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਸਿਆਸੀ ਤੌਰ ’ਤੇ ਸੁਚੇਤ ਕਰਨ ਲਈ ਪਿੰਡ ਪਿੰਡ ਮੁਹਿੰਮ ਵਿੱਢੀ ਗਈ ਹੈ ਅਤੇ ਜ਼ਿਲ੍ਹਾ, ਤਹਿਸੀਲ, ਬਲਾਕ ਤੇ ਪਿੰਡ ਪੱਧਰੀ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤਾਲਮੇਲ ਕਮੇਟੀ ਦੇ ਮੈਂਬਰ ਅਮਨਪ੍ਰੀਤ ਸਿੰਘ, ਮਨਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਜੰਡਵਾਲ, ਇੰਦਰਜੀਤ, ਗੁਰਦੀਪ ਸਿੰਘ, ਦਲਜੀਤ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਟਾਂਡਾ, ਜਗਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਕਾਰਕੁੰਨ ਹਾਜ਼ਰ ਸਨ।