ਭਗਵਾਨ ਦਾਸ ਸੰਦਲ
ਦਸੂਹਾ, 6 ਸਤੰਬਰ
ਇੱਥੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਵਿੱਚ ਬਿਹਤਰੀਨ ਖੇਡ ਪਾਰਕ ਬਣਾਏ ਜਾ ਰਹੇ ਹਨ। ਉਹ ਨੇੜਲੇ ਪਿੰਡ ਜੰਡੋਰ ਵਿਖੇ 90 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਖੇਡ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰ ਰਹੇ ਸਨ। ਵਿਧਾਇਕ ਘੁੰਮਣ ਨੇ ਕਿਹਾ ਕਿ ਜੰਡੋਰ ਦੇ ਖੇਡ ਪਾਰਕ ਵਿੱਚ ਜਿਥੇ ਵਧੀਆ ਸੈਰਗਾਹ ਅਤੇ ਓਪਨ ਜਿਮ ਉਸਾਰਿਆ ਜਾਵੇਗਾ, ਉੱਥੇ ਹੀ ਫੁਟਬਾਲ, ਬੈਡਮਿੰਟਨ, ਕਬੱਡੀ ਤੇ ਵਾਲੀਬਾਲ ਗਰਾਊਂਡ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦਸੂਹਾ ਹਲਕੇ ਵਿਚ ਕਰੀਬ 10 ਆਧੁਨਿਕ ਕਿਸਮ ਦੇ ਪਾਰਕ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਹੋਰ ਜਲਦੀ ਸ਼ੁਰੂ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਦੋ ਏਕੜ ਤੋਂ ਵੱਧ ਥਾਂ ਹੈ, ਉੱਥੇ ਅਜਿਹੇ ਖੇਡ ਪਾਰਕ ਬਣਾਏ ਜਾ ਰਹੇ ਹਨ। ਇਸ ਮੌਕੇ ਐਕਸੀਅਨ ਰਾਜ ਕੁਮਾਰ, ਐਸਡੀਓ ਦੇਵੀ ਸ਼ਰਨ, ਜੇਈ ਸੰਦੀਪ, ਜੇਈ ਬਿਕਰਮਜੀਤ ਸਿੰਘ, ਪ੍ਰਧਾਨ ਮਨਜੀਤ ਸਿੰਘ, ਸਰਕਲ ਇੰਚਾਰਜ ਜਸਵੀਰ ਸਿੰਘ, ਸੰਦੀਪ ਸਿੰਘ ਸੈਂਡੀ, ਸਾਬਕਾ ਚੇਅਰਮੈਨ ਬਲਕਾਰ ਸਿੰਘ ਪੰਨਵਾਂ, ਸਰਪੰਚ ਸੁਨੀਤਾ ਦੇਵੀ, ਹਰਮਿੰਦਰ ਸਿੰਘ ਕੁਲਾਰ, ਮਨਜੀਤ ਰਿੰਕੂ ਕੁਲਾਰ, ਏਕਮ ਜੰਡੋਰ, ਮਾ. ਇਕਬਾਲ ਸਿੰਘ, ਸੂਬੇਦਾਰ ਪਰਮਜੀਤ ਸਿੰਘ, ਬਚਿੱਤਰ ਸਿੰਘ ਆਦਿ ਹਾਜ਼ਰ ਸਨ।