ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਗਸਤ
ਸੁਲਤਾਨਪੁਰ ਲੋਧੀ ਦੇ ਇਲਾਕੇ ’ਚ ਪੈਂਦੇ ਪਿੰਡ ਰਾਜੇਵਾਲ ਕੋਲ ਅੱਜ ਸਵੇਰੇ ਧੁੱਸੀ ਬੰਨ੍ਹ ਨੂੰ ਢਾਹ ਲੱਗਣ ਕਾਰਨ ਦਰਜਨਾਂ ਪਿੰਡਾਂ ਵਿੱਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਬੀਤੀ ਰਾਤ ਬਿਆਸ ਦਰਿਆ ਵਿੱਚ ਪਿੰਡ ਰਾਜੇਵਾਲ ਨੇੜੇ ਇਹ ਢਾਹ ਲੱਗਣੀ ਸ਼ੁਰੂ ਹੋਈ ਸੀ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੀ ਜ਼ਿਲ੍ਹੇ ਦੇ ਦੋ ਐੱਸਡੀਐੱਮਜ਼ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੂੰ ਰਾਜੇਵਾਲ ਨੇੜੇ ਤਾਇਨਾਤ ਕਰ ਦਿੱਤਾ ਗਿਆ ਸੀ। ਉਧਰ, ਲੋਕ ਵੀ ਆਪਣਾ ਸਾਮਾਨ ਟਰੈਕਟਰ ਟਰਾਲੀਆਂ ’ਤੇ ਲੱਦ ਕੇ ਸਰੁੱਖਿਅਤ ਥਾਵਾਂ ’ਤੇ ਚਲੇ ਗਏ ਹਨ। ਉਨ੍ਹਾਂ ਨੂੰ ਇਹ ਖਦਸ਼ਾ ਸੀ ਕਿ ਜੇਕਰ ਬੰਨ੍ਹ ਟੁੱਟਦਾ ਹੈ ਤਾਂ ਇਸ ਨਾਲ ਸੁਲਤਾਨਪੁਰ ਲੋਧੀ ਦੇ ਕਈ ਪਿੰਡ ਪ੍ਰਭਾਵਿਤ ਹੋ ਸਕਦੇ ਹਨ।