ਪੱਤਰ ਪ੍ਰੇਰਕ
ਫਗਵਾੜਾ, 26 ਸਤੰਬਰ
ਇਥੋਂ ਦੇ ਅਰਬਨ ਅਸਟੇਟ ਇਲਾਕੇ ’ਚ ਸਥਿਤ ਸ਼ਾਲੀਮਾਰ ਗਾਰਡਨ ਵਿੱਚ ਇੱਕ ਪ੍ਰਵਾਸੀ ਭਾਰਤੀ ਵਿਅਕਤੀ ਤੇ ਉਸਦੀ ਧੀ ਦੀ ਲਾਸ਼ ਭੇਤਭਰੇ ਹਾਲਾਤ ’ਚ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਅਮਰੀਕ ਚੁੰਬਰ (74) ਪੁੱਤਰ ਪੂਰਨ ਸਿੰਘ ਤੇ ਲੜਕੀ ਰਾਜ ਰਾਣੀ (45) ਪਤਨੀ ਪਵਨ ਕੁਮਾਰ ਪੁੱਤਰੀ ਅਮਰੀਕ ਚੁੰਬਰ ਵਾਸੀਆਨ ਮਕਾਨ ਨੰਬਰ 27-ਏ ਅਰਬਨ ਅਸਟੇਟ ਵਜੋਂ ਹੋਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅਮਰੀਕ ਸਿੰਘ, ਉਸਦੀ ਪਤਨੀ ਸੁਰਿੰਦਰ ਕੌਰ ਤੇ ਲੜਕੀ ਰਾਜ ਰਾਣੀ ਜੋ ਕਿ ਪ੍ਰਵਾਸੀ ਭਾਰਤੀ ਹਨ ਤੇ ਅਮਰੀਕ ਸਿਟੀਜ਼ਨ ਹਨ। ਅੱਜ ਸਵੇਰੇ ਜਦੋਂ ਇਲਾਕੇ ’ਚ ਬਦਬੂ ਆਉਣ ਲੱਗੀ ਤਾਂ ਸ਼ੱਕ ਹੋਣ ’ਤੇ ਗੁਆਂਢੀ ਦੀਪਕ ਕੁਮਾਰ ਨੇ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ, ਜਿਸ ਤੋਂ ਬਾਅਦ ਡੀਐੱਸਪੀ ਜਸਪ੍ਰੀਤ ਸਿੰਘ ਤੇ ਐੱਸਐੱਚਓ ਸਿਟੀ ਪਲਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਇਨ੍ਹਾਂ ਦੀ ਲਾਸ਼ਾਂ ਬਰਾਮਦ ਕੀਤੀਆਂ ਹਨ। ਡੀ.ਐਸ.ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ’ਤੇ ਕੋਈ ਵੀ ਨਿਸ਼ਾਨ ਨਹੀਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸੁਰਿੰਦਰ ਕੌਰ ਤੇ ਰਾਜ ਰਾਣੀ ਮਾਨਸਿਕ ਰੂਪ ’ਚ ਠੀਕ ਨਹੀਂ ਸੀ ਤੇ ਅੱਜ ਵੀ ਸੁਰਿੰਦਰ ਕੌਰ ਨੂੰ ਇਹ ਪਤਾ ਨਹੀਂ ਲੱਗਿਆ ਕਿ ਉਸਦੀ ਬੇਟੀ ਦੀ ਮੌਤ ਹੋ ਚੁੱਕੀ ਹੈ। ਮੌਕੇ ’ਤੇ ਪਤਾ ਚੱਲ ਰਿਹਾ ਸੀ ਕਿ ਅਮਰੀਕ ਸਿੰਘ ਦੀ ਮੌਤ ਪਹਿਲਾਂ ਹੋਈ ਹੈ ਜਦਕਿ ਰਾਜ ਰਾਣੀ ਦੀ ਮੌਤ ਕੁੱਝ ਸਮਾਂ ਪਹਿਲਾਂ ਹੀ ਹੋਈ ਹੈ। ਮ੍ਰਿਤਕ ਅਮਰੀਕ ਸਿੰਘ, ਉਸਦੀ ਪਤਨੀ ਸੁਰਿੰਦਰ ਕੌਰ ਤੇ ਲੜਕੀ ਰਾਜ ਰਾਣੀ ਅਮਰੀਕਾ ਦੇ ਸਿਟੀਜ਼ਨ ਸਨ ਤੇ ਪਿਛਲੇ ਕਰੀਬ ਦੋ ਸਾਲ ਤੋਂ ਇਥੇ ਰਹਿ ਰਹੇ ਸਨ। ਪੁਲੀਸ ਨੇ ਦੋਨਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ ਤੇ ਇਸ ਸਬੰਧੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵਲੋਂ ਇਸ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਦੀ ਟੀਮ ਬੁਲਾਈ ਗਈ।