
ਸੁੱਕੇ ਪਏ ਚੋਅ ਵਿੱਚ ਉੱਗਿਆ ਘਾਹ ਤੇ ਕਾਨੇ।
ਬਲਵਿੰਦਰ ਸਿੰਘ ਭੰਗੂ
ਭੋਗਪੁਰ, 2 ਦਸੰਬਰ
ਪੰਜ ਦਹਾਕੇ ਪਹਿਲਾਂ ਭੋਗਪੁਰ ਇਲਾਕੇ ਵਿਚਲੇ ਵੱਖ-ਵੱਖ ਚੋਆਂ ਵਿੱਚ ਸਾਰਾ ਸਾਲ ਪਾਣੀ ਚੱਲਦਾ ਰਹਿੰਦਾ ਸੀ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ 50 ਫੁੱਟ ਤੋਂ 70 ਫੁੱਟ ਤੱਕ ਰਹਿੰਦਾ ਸੀ ਪਰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਚੋਹਾਲ, ਮੈਹਗਰੋਵਾਲ ਅਤੇ ਹੋਰ ਥਾਵਾਂ ’ਤੇ ਪੱਕੇ ਬੰਨ੍ਹ ਮਾਰ ਕੇ ਚੋਆਂ ਦਾ ਸਾਰਾ ਪਾਣੀ ਰੋਕ ਲਿਆ ਗਿਆ ਜਿਸ ਕਰ ਕੇ ਇਲਾਕੇ ਵਿੱਚ ਲੰਘਦੇ ਵੱਖ-ਵੱਖ ਚੋਅ ਸਾਰਾ ਸਾਲ ਸੁੱਕੇ ਰਹਿੰਦੇ ਹਨ ਜਿਸ ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ 300 ਫੁੱਟ ਤੋਂ 500 ਫੁੱਟ ਤੱਕ ਚਲਾ ਗਿਆ ਹੈ ਤੇ ਭੋਗਪੁਰ ਇਲਾਕਾ ਮਾਰੂਥਲ ਬਣਨ ਜਾ ਰਿਹਾ ਹੈ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।
ਨੰਬਰਦਾਰ ਹਰਨਾਮ ਸਿੰਘ ਮਿਨਹਾਸ ਨੇ ਦੱਸਿਆ ਕਿ ਭੋਗਪੁਰ ਸ਼ਹਿਰ ਦੇ ਦੋਵੇਂ ਪਾਸੇ 30 ਫੁੱਟ ਤੋਂ 50 ਫੁੱਟ ਤੱਕ ਚੌੜੇ ਨਾਲੇ ਨਿਕਲਦੇ ਸਨ ਜਿਨ੍ਹਾਂ ਵਿੱਚ ਸਾਰਾ ਸਾਲ ਇਲਾਕੇ ਵਿੱਚ ਸੀਰਾਂ (ਝਰਨਿਆਂ) ਦਾ ਪਾਣੀ ਅਤੇ ਸ਼ਹਿਰ ਦਾ ਨਿਕਾਸੀ ਵਾਲਾ ਪਾਣੀ ਪੈਂਦਾ ਸੀ। ਇਹ ਪਾਣੀ ਵੀ ਇਲਾਕੇ ਦੇ ਚੋਆਂ ਵਿੱਚ ਪ੍ਰਵੇਸ਼ ਕਰ ਜਾਂਦਾ ਸੀ ਪਰ ਹੁਣ ਦੋਹਾਂ ਨਾਲਿਆਂ ਨੂੰ ਮਿੱਟੀ ਨਾਲ ਭਰ ਕੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਹਨ, ਜਿਸ ਕਰ ਕੇ ਭੋਗਪੁਰ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰ ਕੇ ਨਾਲਿਆਂ ਵਿੱਚੋਂ ਮਿੱਟੀ ਕਢਵਾ ਕੇ ਸ਼ਹਿਰ ਦੀ ਨਿਕਾਸੀ ਬਹਾਲ ਕਰੇ।
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀਨੰਗਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 300-300 ਫੁੱਟ ਚੌੜੇ ਸਾਰੇ ਚੋਆਂ ਦੀ ਸਫਾਈ ਕਰਵਾ ਕੇ ਡੂੰਘਾ ਨਾਲਾ ਬਣਾਇਆ ਜਾਵੇ ਜਿਸ ਵਿੱਚ ਸਾਰਾ ਸਾਲ ਪਾਣੀ ਚੱਲੇ ਅਤੇ ਚੋਆਂ ਦੇ ਬਾਕੀ ਹਿੱਸੇ ਵਿੱਚ ਬੂਟੇ ਲਗਾ ਕੇ ਵਿਹਲੀ ਪਈ ਜ਼ਮੀਨ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਚੋਆਂ ’ਤੇ ਲੱਗੇ ਬੰਨ੍ਹਾਂ ਨੂੰ ਖੋਲ੍ਹਿਆ ਜਾਵੇ। ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਕਿਹਾ ਕਿ ਉਹ ਨਾਇਬ ਤਹਿਸੀਲਦਾਰ ਭੋਗਪੁਰ ਨੂੰ ਕਹਿਣਗੇ ਕਿ ਉਹ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਵਾ ਕੇ ਕਬਜ਼ਿਆਂ ਨੂੰ ਹਟਾਉਣ ਅਤੇ ਨਾਲਿਆਂ ਵਿੱਚੋਂ ਮਿੱਟੀ ਪੁਟਾ ਕੇ ਪਾਣੀ ਦਾ ਵਹਾਅ ਬਹਾਲ ਕਰਨ।
ਵਿਧਾਨ ਸਭਾ ’ਚ ਉਠਾਵਾਂਗਾ ਮੁੱਦਾ: ਕੋਟਲੀ
ਇਸ ਸਬੰਧੀ ਗੱਲ ਕਰਨ ’ਤੇ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਭੋਗਪੁਰ ਇਲਾਕੇ ਦੀ ਇਸ ਸਮੱਸਿਆ ਨੂੰ ਵਿਧਾਨ ਸਭਾ ਵਿੱਚ ਉਠਾ ਕੇ ਸਰਕਾਰ ਦਾ ਧਿਆਨ ਇਸ ਪਾਸੇ ਦਿਵਾਉਣਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ