
ਫਗਵਾੜਾ ਨਗਰ ਨਿਗਮ ਦੀ ਟੀਮ ਸਾਮਾਨ ਜ਼ਬਤ ਕਰ ਕੇ ਲਿਜਾਂਦੀ ਹੋਈ।
ਜਸਬੀਰ ਸਿੰਘ ਚਾਨਾ
ਫਗਵਾੜਾ, 7 ਦਸੰਬਰ
ਇੱਥੇ ਬਾਜ਼ਾਰਾਂ ਵਿੱਚ ਸੜਕਾਂ ਕੰਢੇ ਪਿਆ ਸਾਮਾਨ ਚੁਕਵਾਉਣ ਲਈ ਅੱਜ ਨਗਰ ਨਿਗਮ ਦੀ ਟੀਮ ਨੇ ਬਾਜ਼ਾਰਾਂ ਦਾ ਦੌਰਾ ਕੀਤਾ। ਇਸ ਦੌਰਾਨ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਰੱਖਿਆ ਨਾਜਾਇਜ਼ ਸਾਮਾਨ ਜ਼ਬਤ ਕੀਤਾ ਗਿਆ। ਨਗਰ ਨਿਗਮ ਦੀ ਟੀਮ ਅੱਜ ਹਾਂਡਾ ਕੰਪਲੈਕਸ ਲਾਗਿਓਂ ਸ਼ੁਰੂ ਹੋ ਕੇ ਬੰਗਾ ਰੋਡ, ਗਊਸ਼ਾਲਾ ਰੋਡ, ਸਿਨੇਮਾ ਰੋਡ ਤੇ ਹੋਰ ਬਾਜ਼ਾਰ ’ਚ ਗਈ। ਇਨ੍ਹਾਂ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਸਾਮਾਨ ਰੱਖਿਆ ਹੋਇਆ ਸੀ ਜਿਸ ਨੂੰ ਟੀਮ ਵੱਲੋਂ ਜ਼ਬਤ ਕੀਤਾ ਗਿਆ। ਇਸ ਟੀਮ ਵਿੱਚ ਨਗਰ ਨਿਗਮ ਦੀ ਤਹਿ-ਬਾਜ਼ਾਰੀ ਬ੍ਰਾਂਚ, ਬਿਲਡਿੰਗ ਬ੍ਰਾਂਚ, ਲਾਇਸੈਂਸ ਬ੍ਰਾਂਚ ਵੀ ਮੌਜੂਦ ਰਹੀ ਜਿਨ੍ਹਾਂ ਨੇ ਆਪਣੀਆਂ ਬ੍ਰਾਂਚਾ ਨਾਲ ਸਬੰਧਿਤ ਨੋਟਿਸ ਵੀ ਦਿੱਤੇ। ਇਸ ਮੌਕੇ ਨਗਰ ਨਿਗਮ ਵੱਲੋਂ 30 ਦੇ ਕਰੀਬ ਚਾਲਾਨ ਵੀ ਕੀਤੇ ਗਏ। ਇਸ ਦੌਰਾਨ ਭਾਵੇਂ ਕਈ ਦੁਕਾਨਦਾਰਾਂ ਵਲੋਂ ਵਿਰੋਧ ਵੀ ਕੀਤਾ ਗਿਆ ਪਰ ਟੀਮ ਨੇ ਬਾਹਰ ਰੱਖਿਆ ਸਾਮਾਨ ਜ਼ਬਤ ਕਰ ਲਿਆ।
ਇਸ ਦੌਰਾਨ ਨਗਰ ਨਿਗਮ ਦੇ ਸੁਪਰਡੈਂਟ ਗੁਰਮੇਲ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ ਕਿਉਂਕਿ ਸੜਕਾਂ ’ਤੇ ਸਾਮਾਨ ਅਤੇ ਹੋਰ ਬੋਰਡ ਆਦਿ ਰੱਖਣ ਨਾਲ ਲੋਕਾਂ ਨੂੰ ਲੰਘਣ ’ਚ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇ ਸੜਕਾਂ ’ਤੇ ਸਾਮਾਨ ਰੱਖਿਆ ਗਿਆ ਤਾਂ ਜ਼ਬਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਟੀਮ ਦੇ ਜਾਣ ਤੋਂ ਬਾਅਦ ਦੁਕਾਨਦਾਰਾਂ ਨੇ ਮੁੜ ਆਪਣਾ ਸਾਮਾਨ ਸੜਕਾਂ ’ਤੇ ਰੱਖ ਕੇ ਨਾਜਾਇਜ਼ ਕਬਜ਼ੇ ਕਰਦਿਆਂ ਖ਼ਰੀਦਦਾਰਾਂ ਦੇ ਰਾਹ ’ਚ ਅੜਿੱਕੇ ਖੜ੍ਹੇ ਕਰ ਦਿੱਤੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ