Hoshiarpur-Jalandhar ਸੜਕ ਦੀ ਹਾਲਤ ਖ਼ਸਤਾ
ਖੱਡਿਆਂ ਕਾਰਨ ਰੋਜ਼ਾਨਾ ਵਾਪਰ ਰਹੇ ਨੇ ਹਾਦਸੇ; ਸਡ਼ਕ ਜਲਦੀ ਬਣਾੳੁਣ ਦੀ ਮੰਗ
ਹੁਸ਼ਿਆਰਪੁਰ-ਜਲੰਧਰ ਹਾਈਵੇਅ ਨੰਬਰ 3 ਦੀ ਪਿਛਲੇ ਡੇਢ ਤੋਂ ਦੋ ਸਾਲ ਤੋਂ ਖੁਰਦਪੁਰ ਪਿੰਡ ਤੋਂ ਲੈ ਕੇ ਸਕੂਲ ਆਫ ਐਮੀਨੈਂਸ ਆਦਮਪੁਰ ਅਤੇ ਤਾਰਾਗੜ੍ਹ ਮੌੜ ਤੋਂ ਨਸਰਾਲੇ ਤੱਕ ਖਸਤਾ ਹਾਲਤ ਹੈ। ਇਸ ਸੜਕ ’ਤੇ ਬਿਜਲੀ ਘਰ ਤੋਂ ਅੱਗੇ, ਰੇਲਵੇ ਰੋਡ ਆਦਮਪੁਰ, ਪੁਲੀਸ ਸਟੇਸ਼ਨ ਆਦਮਪੁਰ, ਖਾਦੀ ਭੰਡਾਰ ਰੋਡ ਆਦਮਪੁਰ, ਅਲਾਵਲਪੁਰ ਚੌਕ ਤੱਕ ਵੱਡੇ ਵੱਡੇ ਖੱਡੇ ਪਏ ਹੋਏ ਹਨ। ਜੇ ਥੋੜ੍ਹਾ ਜਿਹਾ ਮੀਂਹ ਪੈਂਦਾ ਹੈ ਤਾਂ ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ। ਇਸ ਕਾਰਨਇਥੋਂ ਲੰਘਣ ਵਾਲੇ ਰਾਹਗੀਰ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਕਾਬਲੇਗੌਰ ਹੈ ਕਿ ਜਦੋਂ ਆਦਮਪੁਰ ਵਿੱਚ ਮੁੱਖ ਮੰਤਰੀ ਨੇ ਜਾਂ ਹੋਰ ਕਿਸੇ ਵੀ ਆਈ ਪੀ ਨੇ ਆਉਣਾ ਹੁੰਦਾ ਤਾਂ ਇਸ ਸੜਕ ’ਤੇ ਪਏ ਖੱਡਿਆਂ ਦੀ ਨੂੰ ਭਰ ਦਿੱਤਾ ਜਾਂਦਾ ਹੈ। ਸੜਕ ’ਤੇ ਪਏ ਖੱਡਿਆਂ ਦੀ ਮੁਰੰਮਤ ਹੁਣ ਲੋਕਾਂ ਦੇ ਘਰਾਂ ਦੇ ਮਲਬੇ ਨਾਲ ਕੀਤੀ ਜਾ ਰਹੀ ਹੈ। ਕਈ ਵਾਰ ਤਾਂ ਸਮਾਜ ਸੇਵੀ ਸੰਸਥਾਵਾਂ ਤੇ ਪਿੰਡਾਂ ਦੇ ਲੋਕ ਇਸ ਸੜਕ ਦੀ ਮੁਰੰਮਤ ਕਰਵਾ ਚੁੱਕੇ ਹਨ। ਇੱਥੇ ਹੀ ਬਸ ਨਹੀਂ ਇਸ ਮਾਰਗ ਤੋਂ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਛੱਡਣ ਜਾਂਦੇ ਹਨ ਤੇ ਸਕੂਲੀ ਬੱਸਾਂ ਵੀ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾਂਦੀਆਂ ਹਨ। ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਹੈ।
ਸੜਕ ਦਾ ਕੰਮ ਕੇਂਦਰ ਸਰਕਾਰ ਹੀ ਕਰਵਾ ਸਕਦੀ ਹੈ: ਟੀਨੂੰ
‘ਆਪ’ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਇਹ ਸੜਕ ਨੈਸ਼ਨਲ ਹਾਈਵੇਅ ਹੈ, ਜਿਸ ਕਾਰਨ ਇਸ ਦਾ ਕੰਮ ਕੇਂਦਰ ਸਰਕਾਰ ਹੀ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਇਸ ਦਾ ਹੱਲ ਕਰਨ ਲਈ ਕਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਗਏ ਹਨ, ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਵੀ ਇਸ ਸੜਕ ਨੂੰ ਠੀਕ ਕਰਾੳਣ ਦਾ ਯਤਨ ਕਰ ਰਹੇ ਹਨ।

