ਪੱਤਰ ਪ੍ਰੇਰਕ
ਤਲਵਾੜਾ, 1 ਜੂੁਨ
ਇੱਥੇ ਮੁਕੇਰੀਆਂ ਹਾਈਡਲ ਨਹਿਰ ‘ਚ ਕਾਰ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਕਰੀਬ 12 ਵਜੇ ਆਈਵੀ ਹੋਟਲ ਦੇ ਨਜ਼ਦੀਕ ਬਰੇਜ਼ਾ ਕਾਰ ਮੁਕੇਰੀਆਂ ਹਾਈਡਲ ਨਹਿਰ ‘ਚ ਡਿੱਗਣ ਦੀ ਸੂਚਨਾ ਮਿਲੀ। ਉਪਰੰਤ ਪੁਲੀਸ ਨੇ ਜਲੰਧਰ ਤੋਂ ਤਿੰਨ ਪ੍ਰਾਈਵੇਟ ਗੋਤਾਖੋਰਾਂ ਨੂੰ ਬੁਲਾਇਆ। ਕਰੀਬ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਗੋਤਾਖੋਰਾਂ ਨੇ ਨਹਿਰ ‘ਚੋਂ ਮ੍ਰਿਤਕ ਡਰਾਈਵਰ ਸਮੇਤ ਕਾਰ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ ਯੁਗਰਾਜ ਸਿੰਘ (62) ਪੁੱਤਰ ਕਰਤਾਰ ਸਿੰਘ ਵਾਸੀ ਰਣਜੀਤ ਐਵੀਨਿਊ, ਹਾਊਸ ਨੰਬਰ -82 ਨੇੜੇ ਮਿਲਨ ਪੈਲੇਸ ਕਪੂਰਥਲਾ ਵਜੋਂ ਹੋਈ ਹੈ। ਜੋ ਲੰਘੇ ਕੱਲ੍ਹ ਤੋਂ ਘਰੋਂ ਲਾਪਤਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਹੋ ਗਿਆ ਅਤੇ ਉਹ ਤਲਵਾੜਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਟਿੱਪਰ ਦੀ ਲਪੇਟ ਵਿੱਚ ਆਇਆ ਮੋਟਰਸਾਈਕਲ, ਸਬ-ਇੰਸਪੈਕਟਰ ਜ਼ਖ਼ਮੀ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਸਥਿਤ ਫਲਾਈਓਵਰ ‘ਤੇ ਹੋਏ ਹਾਦਸੇ ਵਿੱਚ ਡਿਊਟੀ ਦੌਰਾਨ ਪੁਲੀਸ ਦੇ ਸਬ-ਇੰਸਪੈਕਟਰ ਦਾ ਮੋਟਰਸਾਈਕਲ ਟਿੱਪਰ ਦੀ ਲਪੇਟ ਵਿੱਚ ਆ ਗਿਆ। ਇਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦਾ ਨਾਂ ਜਸਬੀਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਹ ਸੀਆਈਏ ਸਟਾਫ ਪਠਾਨਕੋਟ ਵਿੱਚ ਤਾਇਨਾਤ ਹੈ। ਡਵਿੀਜ਼ਨ ਨੰਬਰ 2 ਦੀ ਪੁਲੀਸ ਨੇ ਮੌਕੇ ਉਪਰ ਪੁੱਜ ਕੇ ਟਿੱਪਰ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਡਵਿੀਜ਼ਨ ਨੰਬਰ 2 ਦੇ ਮੁਖੀ ਨੇ ਦੱਸਿਆ ਕਿ ਸਬ-ਇੰਸਪੈਕਟਰ ਡਿਊਟੀ ਦੌਰਾਨ ਆਪਣੇ ਦਫਤਰ ਤੋਂ ਪੁਲੀਸ ਲਾਈਨ ਵੱਲ ਜਾ ਰਿਹਾ ਸੀ ਅਤੇ ਉਹ ਜਿਉਂ ਹੀ ਫਲਾਈਓਵਰ ‘ਤੇ ਪੁੱਜਿਆ ਤਾਂ ਪਿੱਛੇ ਤੋਂ ਆ ਰਹੇ ਟਿੱਪਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਰਕੇ ਉਸ ਦੀ ਸੱਜੀ ਬਾਂਹ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਉਸ ਦੇ ਸਿਰ ‘ਤੇ ਵੀ ਗੰਭੀਰ ਸੱਟਾਂ ਵੱਜੀਆਂ ਹਨ।