ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਪਲਟੀ : The Tribune India

ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਪਲਟੀ

ਚਾਰ ਸਵਾਰੀਆਂ ਜ਼ਖ਼ਮੀ; ਅਚਾਨਕ ਪਸ਼ੂ ਅੱਗੇ ਆਉਣ ਕਾਰਨ ਵਾਪਰਿਆ ਹਾਦਸਾ

ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਪਲਟੀ

ਫਗਵਾੜਾ ਵਿੱਚ ਪਲਟੀ ਹੋਈ ਪੰਜਾਬ ਰੋਡਵੇਜ਼ ਦੀ ਬੱਸ।

ਜਸਬੀਰ ਸਿੰਘ ਚਾਨਾ

ਫਗਵਾੜਾ, 5 ਦਸੰਬਰ

ਇੱਥੇ ਅੱਜ ਚੰਡੀਗੜ੍ਹ ਬਾਈਪਾਸ ’ਤੇ ਇੱਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ07ਸੀਏ-5458 ਅੰਮ੍ਰਿਤਸਰ ਤੋਂ ਚੰਡੀਗੜ੍ਹ ਵੱਲ ਆ ਰਹੀ ਸੀ। ਇਸ ਦੌਰਾਨ ਜਦੋਂ ਇਹ ਬੱਸ ਚੰਡੀਗੜ੍ਹ ਬਾਈਪਾਸ ਨੂੰ ਮੁੜ ਕੇ ਅੱਗੇ ਗਈ ਤਾਂ ਅਚਾਨਕ ਬੇਕਾਬੂ ਹੋ ਗਈ ਤੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।

ਜ਼ਖਮੀਆਂ ਦੀ ਪਛਾਣ ਸੁਖਚੈਨ ਪੁੱਤਰ ਸੰਸਾਰ ਚੰਦ, ਰਣਜੀਤ ਕੌਰ ਪਤਨੀ ਸੁਖਚੈਨ ਵਾਸੀ ਸੂਰਾਪੁਰਾ, ਪਰਮਿੰਦਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਕਮਲ ਵਿਹਾਰ ਜਲੰਧਰ, ਰੇਸ਼ਮ ਲਾਲ ਪੁੱਤਰ ਪ੍ਰੀਗੱਜਣ ਰਾਮ ਵਾਸੀ ਲੱਧੇਵਾਲੀ ਜਲੰਧਰ ਵਜੋਂ ਹੋਈ ਹੈ। ਇਨ੍ਹਾਂ ’ਚੋਂ ਰੇਸ਼ਮ ਲਾਲ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਬੱਸ ਦੇ ਡਰਾਈਵਰ ਅਨੁਸਾਰ ਬੱਸ ਦੇ ਅੱਗੇ ਅਚਾਨਕ ਕੋਈ ਪਸ਼ੂ ਦੇ ਆਉਣ ਕਾਰਨ ਬੱਸ ਬੇਕਾਬੂ ਹੋ ਗਈ। ਮੌਕੇ ’ਤੇ ਪੁਲੀਸ ਵੱਲੋਂ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ।

ਥਾਣਾ ਸਦਰ ਦੇ ਐੱਸਐੱਚਓ ਰਸ਼ਪਾਲ ਸਿੰਘ ਨੇ ਦੱਸਿਆ ਕਿ ਸਵਾਰੀਆਂ ਦੇ ਵਾਰਿਸ ਆਪਣੇ ਮੈਂਬਰਾਂ ਨੂੰ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਬੱਸ ਦੇ ਡਰਾਈਵਰ ਦੇ ਦੱਸਣ ਮੁਤਾਬਕ ਬੱਸ ਅੱਗੇ ਅਚਾਨਕ ਕੋਈ ਪਸ਼ੂ ਦੇ ਆਉਣ ਕਾਰਨ ਬੱਸ ਬੇਕਾਬੂ ਹੋ ਗਈ ਪਰ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All