
ਸੰਦੀਪ ਕੁਮਾਰ
ਦੀਪਕ ਠਾਕੁਰ
ਤਲਵਾੜਾ, 6 ਦਸੰਬਰ
ਇਲਾਕੇ ਦੇ ਪਿੰਡ ਭਡਿਆਰਾਂ ਦੇ ਸ਼ੱਕੀ ਹਾਲਤ ’ਚ ਲਾਪਤਾ ਹੋਏ ਨੌਜਵਾਨ ਦੀ ਚੌਥੇ ਦਿਨ ਪਾਵਰ ਹਾਊਸ ਨੰਬਰ-2 ਦੇ ਗੇਟਾਂ ’ਚੋਂ ਲਾਸ਼ ਮਿਲੀ ਹੈ। ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੰਦੀਪ ਕੁਮਾਰ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਲੰਘੇ ਸ਼ਨੀਵਾਰ ਪਿੰਡ ਰੇਪੁਰ (ਹਾਰ) ਦੇ ਨੇੜਿਓਂ ਮੁਕੇਰੀਆਂ ਹਾਈਡਲ ਨਹਿਰ ਦੇ ਕੰਢਿਓਂ ਬਰਾਮਦ ਹੋਏ ਸਨ। ਸੰਦੀਪ ਕੁਮਾਰ ਦਾ ਇੱਕ ਆਡਿਓ ਕਲਿੱਪ ਵੀ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਨਿਰਦੋਸ਼ ਦੱਸ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਪਿੰਡ ਦੀ ਇੱਕ ਔਰਤ ਨੇ ਥਾਣਾ ਤਲਵਾੜਾ ਵਿੱਚ ਸੰਦੀਪ ਕੁਮਾਰ ਉਰਫ਼ ਟਿੰਕੂ ਖ਼ਿਲਾਫ਼ ਨਸ਼ੀਲੀ ਚੀਜ਼ ਖੁਆ ਕੇ ਸ਼ਹਿਰ ਦੇ ਇੱਕ ਹੋਟਲ ’ਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਗਰੋਂ ਸੰਦੀਪ ਕੁਮਾਰ ਸਦਮੇ ’ਚ ਸੀ। ਬੀਤੇ ਸ਼ਨੀਵਾਰ ਪਿੰਡ ਰੇਪੁਰ (ਹਾਰ) ਦੇ ਨਜ਼ਦੀਕ ਮੁਕੇਰੀਆਂ ਹਾਈਡਲ ਨਹਿਰ ਦੇ ਕੰਢਿਓ ਸੰਦੀਪ ਕੁਮਾਰ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਸ਼ੱਕੀ ਹਾਲਤ ’ਚ ਬਰਾਮਦ ਹੋਏ ਸਨ। ਸੰਦੀਪ ਕੁਮਾਰ ਵੱਲੋਂ ਆਪਣੇ ਮੋਬਾਈਲ ਫੋਨ ’ਤੇ ਕਰੀਬ ਸਾਢੇ ਪੰਜ ਮਿੰਟ ਦੀ ਰਿਕਾਰਡ ਕੀਤੀ ਆਡਿਓ ਵਿੱਚ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਉਸ ਨੇ ਸੁਨੇਹੇ ਵਿੱਚ ਕਿਹਾ, ‘ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ, ਮੈਂ (ਸੰਦੀਪ) ਇਸ ਨੂੰ ਨਠਾ ਕੇ ਨਹੀਂ ਸਗੋਂ ਉਹ ਮੈਨੂੰ ਨਾਲ ਲੈ ਕੇ ਗਈ ਸੀ।’ ਉਸ ਨੇ ਮਹਿਲਾ ਦੀ ਮਰਜ਼ੀ ਨਾਲ ਸਬੰਧ ਬਣਾਉਣ ਅਤੇ ਮਹਿਲਾ ਦੀ ਆਪਣੇ ਪਤੀ ਨਾਲ ਨਾ ਬਣਦੀ ਹੋਣ ਦਾ ਵੀ ਖੁਲਾਸਾ ਕੀਤਾ ਹੈ। ਸੰਦੀਪ ਨੇ ਆਪਣੀ ਮੌਤ ਲਈ ਸ਼ਿਕਾਇਤਕਰਤਾ ਔਰਤ ਸਮੇਤ ਉਸ ਦੇ ਰਿਸ਼ਤੇਦਾਰਾਂ ਤੇ ਮੁਕੇਰੀਆਂ ਤੋਂ ਕਿਸੇ ਵਕੀਲ ਨੂੰ ਜ਼ਿੰਮੇਵਾਰ ਦੱਸਿਆ ਹੈ।
ਜਾਂਚ ਅਧਿਕਾਰੀ ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦੇਰ ਸ਼ਾਮ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ -2 ਦੇ ਗੇਟਾਂ ’ਚ ਕੋਈ ਲਾਸ਼ ਫਸੀ ਹੋਣ ਬਾਰੇ ਪਤਾ ਲੱਗਾ ਸੀ। ਥਾਣਾ ਤਲਵਾੜਾ ਅਤੇ ਹਾਜੀਪੁਰ ਥਾਣਾ ਮੁਖੀ ਹਰਗੁਰਦੇਵ ਸਿੰਘ ਤੇ ਅਮਰਜੀਤ ਕੌਰ ਮੌਕੇ ’ਤੇ ਪਹੁੰਚੇ। ਪਰਿਵਾਰਕ ਮੈਂਬਰਾਂ ਦੀ ਸ਼ਨਾਖ਼ਤ ਤੋਂ ਬਾਅਦ ਮ੍ਰਿਤਕ ਸੰਦੀਪ ਕੁਮਾਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ