ਕਰੋਨਾ ਪੀੜਤ ਮ੍ਰਿਤਕਾਂ ਦੀਆਂ ਲਾਸ਼ਾਂ ਬਦਲੀਆਂ

ਕਰੋਨਾ ਪੀੜਤ ਮ੍ਰਿਤਕਾਂ ਦੀਆਂ ਲਾਸ਼ਾਂ ਬਦਲੀਆਂ

ਮਿ੍ਤਕ ਜਸਪਾਲ ਸਿੰਘ ਦੇ ਰਿਸ਼ਤੇਦਾਰ ਹਸਪਤਾਲ ਦੇ ਬਾਹਰ ਪੁਲੀਸ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ

ਜਲੰਧਰ, 22 ਨਵੰਬਰ

ਕਰੋਨਾ ਪੀੜਤ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਬਦਲੇ ਜਾਣ ਦੇ ਮਾਮਲੇ ਵਿੱਚ ਨਿੱਜੀ ਹਸਪਤਾਲ ਵਿਰੁੱਧ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 8 ਦੇ ਐਸਐਚਓ ਨੇ ਦੱਸਿਆ ਕਿ ਸ੍ਰੀਮਨ ਹਸਪਤਾਲ ਵਿਰੁੱਧ ਧਾਰਾ 297 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਦੇ ਦੋ ਮਰੀਜ਼ਾਂ ਦੀ ਮੌਤ ਤੋਂ ਬਾਅਦ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਲਾਸ਼ਾਂ ਬਦਲਣ ’ਤੇ ਪੀੜਤ ਪਰਿਵਾਰਾਂ ਨੇ ਹੰਗਾਮਾ ਕੀਤਾ। ਉਹ ਲਗਾਤਾਰ ਮੰਗ ਕਰ ਰਹੇ ਸਨ ਕਿ ਹਸਪਤਾਲ ਦੇ ਸਟਾਫ ਵੱਲੋਂ ਵਰਤੀ ਗਈ ਲਾਪ੍ਰਵਾਹੀ ਦੇ ਚੱਲਦਿਆਂ ਕੇਸ ਦਰਜ ਕੀਤਾ ਜਾਵੇ। ਕਰੋਨਾ ਤੋਂ ਪੀੜਤ ਜਿਹੜੇ ਦੋ ਮਰੀਜ਼ਾਂ ਦੀ ਮੌਤ ਹੋਈ ਸੀ ਇੱਕ ਫਗਵਾੜਾ ਦਾ ਰਹਿਣ ਵਾਲਾ ਸੀ ਤੇ ਦੂਜਾ ਜਲੰਧਰ ਦੇ ਬੂਟਾ ਮੰਡੀ ਇਲਾਕੇ ਦਾ। ਫਗਵਾੜਾ ਦੇ ਪੀੜਤ ਪਰਿਵਾਰ ਨੇ ਤਾਂ ਲਾਸ਼ ਦਾ ਮੂੰਹ ਦੇਖੇ ਬਿਨਾਂ ਸਸਕਾਰ ਕਰ ਦਿੱਤਾ ਸੀ ਪਰ ਬੂਟਾ ਮੰਡੀ ਦੇ ਰਹਿਣ ਵਾਲੇ ਮ੍ਰਿਤਕ ਤਰਸੇਮ ਲਾਲ (80) ਦੇ ਪਰਿਵਾਰ ਵਾਲਿਆਂ ਨੇ ਇਹ ਜ਼ਿੱਦ ਫੜ ਲਈ ਕਿ ਆਖ਼ਰੀ ਵਾਰ ਮ੍ਰਿਤਕ ਦਾ ਮੂੰਹ ਦੇਖਣਾ ਹੈ। ਜਦੋਂ ਪਰਿਵਾਰ ਨੇ ਲਾਸ਼ ਵਾਲਾ ਬੈਗ ਖੋਲ੍ਹਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਸ ਬੈਗ ਵਿੱਚ ਤਰਸੇਮ ਲਾਲ ਦੀ ਥਾਂ ਕਿਸੇ ਹੋਰ ਦੀ ਲਾਸ਼ ਸੀ। ਓਧਰ ਹੰਗਾਮੇ ਮਗਰੋਂ ਪੁੱਜੇ ਥਾਣਾ ਨੰਬਰ ਅੱਠ ਦੇ ਐੱਸਐੱਚਓ ਕਮਲਜੀਤ ਸਿੰਘ ਅਤੇ ਏਸੀਪੀ (ਉਤਰੀ) ਸੁਖਜਿੰਦਰ ਸਿੰਘ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ।

ਜਾਣਕਾਰੀ ਮੁਤਾਬਕ ਹਸਪਤਾਲ ਪ੍ਰਬੰਧਕਾਂ ਨੇ ਫਗਵਾੜਾ ਭੇਜੀ ਗਈ ਮ੍ਰਿਤਕ ਦੇਹ ਸਬੰਧੀ ਮ੍ਰਿਤਕ ਜਸਪਾਲ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਕਿ ਉਨ੍ਹਾਂ ਨੇ ਮ੍ਰਿਤਕ ਜਸਪਾਲ ਸਿੰਘ ਦਾ ਸਸਕਾਰ ਤਾਂ ਨਹੀਂ ਕੀਤਾ? ਸ਼ਾਇਦ ਮ੍ਰਿਤਕ ਦੀ ਲਾਸ਼ ਬਦਲੀ ਗਈ ਹੈ।

ਫਗਵਾੜਾ ਤੋਂ ਮ੍ਰਿਤਕ ਜਸਪਾਲ ਸਿੰਘ ਦੇ ਪੁੱਤਰ ਪ੍ਰਭਲੀਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਿਹੜੀ ਲਾਸ਼ ਦਾ ਸਸਕਾਰ ਕੀਤਾ ਸੀ ਉਸ ਦਾ ਮੂੰਹ ਨਹੀਂ ਸੀ ਦੇਖਿਆ ਕਿ ਉਹ ਲਾਸ਼ ਤਰਸੇਮ ਲਾਲ ਦੀ ਸੀ ਜਾਂ ਨਹੀਂ। ਉਨ੍ਹਾਂ ਨੇ ਆਪਣੇ ਪਿਤਾ ਦੀ ਸਮਝ ਕੇ ਸਸਕਾਰ ਕਰ ਦਿੱਤਾ ਸੀ। ਹਸਪਤਾਲ ਵੱਲੋਂ ਸਖ਼ਤ ਹਦਾਇਤਾਂ ਸਨ ਕਿ ਮ੍ਰਿਤਕ ਨੂੰ ਕਰੋਨਾ ਸੀ, ਇਸ ਕਰਕੇ ਕੋਈ ਵੀ ਪਰਿਵਾਰ ਵਾਲੇ ਜਾਂ ਰਿਸ਼ਤੇਦਾਰ ਚਿਹਰਾ ਨਹੀਂ ਵੇਖਣਗੇ ਤੇ ਨਾ ਹੀ ਕੋਈ ਲਾਸ਼ ਦੀ ਫੋਟੋ ਖਿੱਚੇਗਾ। ਜਦੋਂ ਉਨ੍ਹਾਂ ਨੂੰ ਲਾਸ਼ਾਂ ਦੀ ਅਦਲਾ-ਬਦਲੀ ਬਾਰੇ ਪਤਾ ਲੱਗਾ ਤਾਂ ਉਹ ਵੀ ਤੁਰੰਤ ਹਸਪਤਾਲ ਪੁੱਜ ਗਏ। ਇਸ ਸਬੰਧੀ ਸ਼੍ਰੀਮੰਨ ਹਸਪਤਾਲ ਦੇ ਡਾ. ਵੀਪੀ ਸ਼ਰਮਾ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਜਿਹੜੇ ਬੈਗਾਂ ਵਿੱਚ ਪੈਕ ਕੀਤਾ ਗਿਆ ਸੀ, ਉਹ ਦੇਖਣ ਵਿੱਚ ਇੱਕੋ ਜਿਹੇ ਲੱਗਦੇ ਸਨ। ਲਾਸ਼ਾਂ ਦੇਣ ਵਾਲੇ ਸਟਾਫ ਦੀ ਗ਼ਲਤੀ ਨਾਲ ਲਾਸ਼ਾਂ ਬਦਲੀਆਂ ਹਨ। ਉਧਰ ਹਸਪਤਾਲ ਪਹੁੰਚੇ ਤਰਸੇਮ ਲਾਲ ਦੇ ਪੁੱਤਰ ਮੋਹਨ ਲਾਲ, ਧੀ ਪਿੰਕੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ੱਕ ਹੈ ਤਰਸੇਮ ਲਾਲ ਦੇ ਅੰਗ ਕੱਢੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All