ਪੱਤਰ ਪ੍ਰੇਰਕ
ਜਲੰਧਰ, 28 ਮਈ
ਨਕੋਦਰ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਹਾਲ ਵਿੱਚ ਹੋਈ ਇੱਕ ਭਰਵੀਂ ਮੀਟਿੰਗ ਵਿੱਚ ਬਾਰ ਐਸੋਸੀਏਸ਼ਨ ਨਕੋਦਰ ਵੱਲੋਂ ਸਰਬਸੰਮਤੀ ਨਾਲ ਐੱਸਡੀਐੱਮ ਸ਼ਾਹਕੋਟ ਵੱਲੋਂ ਬਾਰ ਐਸੋਸੀਏਸ਼ਨ ਦੇ ਇੱਕ ਮੈਂਬਰ ਪ੍ਰਤੀ ਕੀਤੇ ਗਏ ਕਥਿਤ ਦੁਰਵਿਵਹਾਰ ਦੀ ਨਿਖੇਧੀ ਕਰਦਿਆਂ ਮਤੇ ਪਾਸ ਕੀਤੇ ਗਏ।
ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਅਤੇ ਅਦਾਲਤੀ ਕਾਰਵਾਈ ਦੇ ਬਾਈਕਾਟ ਦਾ ਸੱਦਾ ਦਿੱਤਾ। ਉਨ੍ਹਾਂ ਨੇ 29 ਮਈ ਨੂੰ ਸਿਵਲ ਕੋਰਟ ਨਕੋਦਰ ਵਿੱਚ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਵੰਤ ਸਿੰਘ ਬਲੱਗਣ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬੀਤੀ 25 ਮਈ ਨੂੰ ਵਾਪਰੀ ਘਟਨਾ ਦੌਰਾਨ ਦਫ਼ਤਰ ਵਿੱਚ ਐੱਸਡੀਐੱਮ ਵੱਲੋਂ ਕਥਿਤ ਤੌਰ ‘ਤੇ ਬਦਸਲੂਕੀ ਕੀਤੀ ਸੀ। ਇਹ ਘਟਨਾ ਬਾਰ ਐਸੋਸੀਏਸ਼ਨ ਨਕੋਦਰ ਦੇ ਹੋਰ ਵਕੀਲਾਂ ਦੀ ਹਾਜ਼ਰੀ ਵਿੱਚ ਹੋਈ। ਮੈਂਬਰਾਂ ਨੇ ਕਿਹਾ ਕਿ ਉਹ ਉਦੋਂ ਤੱਕ ਅਦਾਲਤੀ ਕਾਰਵਾਈ ਦਾ ਬਾਈਕਾਟ ਕਰਦੇ ਰਹਿਣਗੇ, ਜਦੋਂ ਤੱਕ ਐਸਡੀਐਮ ਆਪਣੇ ਵਿਵਹਾਰ ਲਈ ਮੁਆਫ਼ੀ ਨਹੀਂ ਮੰਗਦਾ। ਉਨ੍ਹਾਂ ਸਰਕਾਰ ਤੋਂ ਉਸ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।