ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 9 ਜੁਲਾਈ
ਪਿੰਡ ਦਿਆਲਪੁਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਖਜ਼ਾਨਚੀ ਕਰੋਨਾ ਪਾਜ਼ੇਟਿਵ ਆਉਣ ਨਾਲ ਬੈਂਕ ਸਟਾਫ ਅਤੇ ਗਾਹਕਾਂ ਵਿਚ ਹਫੜਾਦਫੜੀ ਮਚ ਗਈ ਹੈ। ਖਜ਼ਾਨਚੀ ਨਰਿੰਦਰ ਕੁਮਾਰ 5 ਜੁਲਾਈ ਨੂੰ ਬੇਗੋਵਾਲ ਤੋਂ ਬਦਲ ਕੇ ਦਿਆਲਪੁਰ ਬੈਂਕ ਵਿਚ ਆਏ ਸਨ। ਐੱਸਐੱਮਓ ਢਿੱਲਵਾਂ ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਕੈਸ਼ੀਅਰ ਨੇ ਜਲੰਧਰ ਹਸਪਤਾਲ ਵਿੱਚ ਆਪਣਾ ਕਰੋਨਾ ਟੈਸਟ ਕਰਵਾਇਆ ਸੀ। ਰਿਪੋਰਟ ਪਾਜ਼ੇਟਿਵ ਆਉਣ ਨਾਲ ਸਾਰੇ ਬੈਂਕ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੇ ਬਾਕੀ ਰਹਿੰਦੇ 5 ਮੁਲਾਜ਼ਮਾਂ ਦੇ ਸੈਂਪਲ ਲਏ ਜਾਣਗੇ। ਰਿਪੋਰਟ ਆਉਣ ਤੋਂ ਬਾਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਧਰ ਬੈਂਕ ਮੈਨੇਜਰ ਜਤਿਨ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਕੈਸ਼ੀਅਰ ਨਰਿੰਦਰ ਕੁਮਾਰ ਦੇ ਕਰੋਨਾ ਪਾਜ਼ੇਟਿਵ ਆਉਣ ਕਾਰਨ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਤੁਰੰਤ ਬੈਂਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਿਸ ਕਾਰਨ ਇਹਤਿਆਤ ਵਜੋਂ ਪਬਲਿਕ ਡੀਲਿੰਗ ਬੰਦ ਕਰਨੀ ਪਈ। ਪਿੰਡ ਦੇ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਕਰੋਨਾ ਦੇ ਅੱਜ ਅੱਠ ਮਾਮਲੇ ਆਏ
ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹੇ ਅੰਦਰ ਅੱਜ ਕਰੋਨਾ ਦੇ ਅੱਠ ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ ਅੰਦਰ ਪੀੜਤ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ| ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਅੱਜ ਇਥੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਾਮਲਿਆਂ ਵਿੱਚੋਂ ਇਕ ਤਰਨ ਤਾਰਨ ਸ਼ਹਿਰ ਤੋਂ ਅਤੇ ਬਾਕੀ ਦੇ ਸੱਤ ਸਬ ਜੇਲ੍ਹ ਪੱਟੀ ਦੇ ਹਨ| ਅਧਿਕਾਰੀ ਨੇ ਦੱਸਿਆ ਕਿ ਅੱਜ ਆਏ ਅੱਠ ਕੇਸਾਂ ਵਿੱਚੋਂ ਤਰਨ ਤਾਰਨ ਦੇ ਵਾਸੀ ਨੂੰ ਮਾਈ ਭਾਗੋ ਕੋਵਿਡ ਕੇਅਰ ਸੈਂਟਰ ਸ਼ੇਰੋਂ ਭੇਜ ਦਿੱਤਾ ਗਿਆ ਹੈ ਜਦਕਿ ਪੱਟੀ ਜੇਲ੍ਹ ਤੋਂ ਆਏ ਮਰੀਜ਼ਾਂ ਨੂੰ ਇੰਥੋਂ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ|