ਮਗਨਰੇਗਾ ’ਚ ਘਪਲੇ ਦੇ ਦਸ ਹਜ਼ਾਰ ਕੇਸ ਸਾਹਮਣੇ ਆਏ: ਸ਼ਰਮਾ
‘ਆਮ ਆਦਮੀ ਪਾਰਟੀ ਦੇ ਆਗੂਆਂ ਦੀ ਜੇਬ ’ਚ ਜਾਂਦੀ ਰਹੀ ਮਜ਼ਦੂਰ ਦੀ ਮਿਹਨਤ’
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਮਗਨਰੇਗਾ ਦੇ ਤਹਿਤ ਪੰਜਾਬ ਦੇ ਕਰੀਬ 13 ਹਜ਼ਾਰ ਪਿੰਡਾਂ ਵਿੱਚੋਂ ਭ੍ਰਿਸ਼ਟਾਚਾਰ ਦੇ 10 ਹਜ਼ਾਰ ਗੰਭੀਰ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇੱਕੋ ਸੜਕ ਨੂੰ 10 ਵਾਰ ਕਾਗ਼ਜ਼ਾਂ ’ਚ ਦਿਖਾ ਕੇ ਸਰਕਾਰੀ ਖ਼ਜ਼ਾਨੇ ਦੀ ਖੁੱਲ੍ਹੀ ਲੁੱਟ ਕੀਤੀ ਗਈ, ਜਦ ਕਿ ਜ਼ਮੀਨੀ ਪੱਧਰ ’ਤੇ ਵਿਕਾਸ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਸ੍ਰੀ ਸ਼ਰਮਾ ਅੱਜ ਸੁਜਾਨਪੁਰ ਹਲਕੇ ਦੇ ਚੱਕ ਮਾਧੋਸਿੰਘ ਪਿੰਡ ਵਿੱਚ ਭਾਜਪਾ ਦੀ ਰੈਲੀ ਵਿੱਚ ਬੋਲ ਰਹੇ ਸਨ। ਰੈਲੀ ਵਿੱਚ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ‘ਆਪ’ ਅਤੇ ਕਾਂਗਰਸ ਨੇ ਮਿਲ ਕੇ ਪੰਜਾਬ ਦੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਮਗਨਰੇਗਾ ਹੇਠ ਮਜ਼ਦੂਰਾਂ ਦੀ ਹਾਜ਼ਰੀ ਦੇ ਨਾਂ ’ਤੇ ਵੱਡੇ ਪੱਧਰ ’ਤੇ ਧੋਖਾਧੜੀ ਹੋਈ ਹੈ। ਮਜ਼ਦੂਰਾਂ ਦੀ ਮਿਹਨਤ ਦਾ ਪੈਸਾ ਲੀਡਰਾਂ ਅਤੇ ਠੇਕੇਦਾਰਾਂ ਦੀਆਂ ਜੇਬਾਂ ‘’ਚ ਜਾਂਦਾ ਰਿਹਾ। ‘ਆਪ’ ਅਤੇ ਕਾਂਗਰਸ ਨੇ ਪੰਜਾਬ ਨੂੰ ‘ਕਾਗ਼ਜ਼ੀ ਵਿਕਾਸ’ ਦਾ ਮਾਡਲ ਦਿੱਤਾ, ਜਿੱਥੇ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋਣਿਆ ਪਰ ਫਾਈਲਾਂ ’ਚ ਕਰੋੜਾਂ ਰੁਪਏ ਖਰਚ ਦਿਖਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੰਚਾਇਤਾਂ ਤੇ ਵੀ ਦਬਾਅ ਪਾ ਕੇ ਗਲਤ ਬਿੱਲ ਪਾਸ ਕਰਵਾਏ ਗਏ ਅਤੇ ਜੋ ਪੰਚ ਜਾਂ ਸਰਪੰਚ ਸੱਚ ਬੋਲਣ ਦੀ ਹਿੰਮਤ ਰੱਖਦਾ ਸੀ, ਨੂੰ ਧਮਕਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਰਿਹਾ। ਮਗਨਰੇਗਾ ਦੇ ਜੌਬ ਕਾਰਡ ਗਰੀਬ ਮਜ਼ਦੂਰਾਂ ਕੋਲ ਹੋਣ ਦੀ ਥਾਂ ਸਿਆਸੀ ਆਗੂਆਂ ਅਤੇ ਠੇਕੇਦਾਰਾਂ ਦੇ ਕਬਜ਼ੇ ’ਚ ਸਨ। ਮਜ਼ਦੂਰ ਕੰਮ ’ਤੇ ਗਿਆ ਜਾਂ ਨਹੀਂ, ਇਸ ਨਾਲ ਕਿਸੇ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਸਿਰਫ਼ ਕਾਗ਼ਜ਼ਾਂ ’ਚ ਹਾਜ਼ਰੀ ਲਗਾ ਕੇ ਭੁਗਤਾਨ ਲਿਆ ਜਾਂਦਾ ਰਿਹਾ। ਇਹ ਗਰੀਬ ਨੂੰ ਲੁੱਟਣ ਅਤੇ ਲੀਡਰਾਂ ਨੂੰ ਮਾਲਾਮਾਲ ਕਰਨ ਲਈ ਬਣਾਇਆ ਗਿਆ ਸੀ।

