ਸਾਂਝਾ ਅਧਿਆਪਕ ਮੋਰਚਾ ਅਤੇ ਅਧਿਆਪਕ ਜਥੇਬੰਦੀਆਂ ਦੇ ਸੱਦੇ ’ਤੇ ਹੁਸ਼ਿਆਰਪੁਰ ਵਿੱਚ ਅਧਿਆਪਕਾਂ ਨੇ ਕੈਬਨਿਟ ਮੰਤਰੀ ਡਾ. ਰਵਜੋਤ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਸਰਕਾਰ ਦਾ ਕੋਈ ਵੀ ਨੁਮਾਇੰਦਾ ਜਦੋਂ ਮੌਕੇ ’ਤੇ ਮੰਗ ਪੱਤਰ ਪ੍ਰਾਪਤ ਕਰਨ ਲਈ ਨਹੀਂ ਆਇਆ ਤਾਂ ਅਧਿਆਪਕਾਂ ਨੇ ਰਾਮਗੜ੍ਹੀਆ ਚੌਕ ਵਿੱਚ ਸੜਕ ਜਾਮ ਕਰ ਕੇ ਧਰਨਾ ਦੇ ਦਿੱਤਾ ਜਿਸ ’ਤੇ ਕੈਬਨਿਟ ਮੰਤਰੀ ਡਾ. ਰਵਜੋਤ ਦੇ ਨੁਮਾਇੰਦੇ ਨੇ ਮੌਕੇ ’ਤੇ ਪਹੁੰਚ ਕੇ ਅਧਿਆਪਕਾਂ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ।
ਅਧਿਆਪਕ ਆਗੂਆਂ ਪ੍ਰਿਤਪਾਲ ਸਿੰਘ ਚੌਟਾਲਾ, ਜਸਵੀਰ ਤਲਵਾੜਾ, ਸੁਖਦੇਵ ਡਾਨਸੀਵਾਲ, ਸੁਰਜੀਤ ਰਾਜਾ, ਜਸਵੀਰ ਸਿੰਘ, ਸਰਬਜੀਤ ਸਿੰਘ ਕੰਗ, ਪ੍ਰਿੰਸ ਗੜ੍ਹਦੀਵਾਲਾ ਅਤੇ ਹਰਭਜਨ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸੁਪਰੀਮ ਕੋਰਟ ਦੇ ਨੋਟੀਫਿਕੇਸ਼ਨ ਦੀ ਅਣਦੇਖੀ ਕਰਦਿਆਂ ਸਾਰੇ ਅਧਿਆਪਕਾਂ ’ਤੇ ਬੇਲੋੜੀ ਟੈਟ ਦੀ ਸ਼ਰਤ ਥੋਪ ਦਿੱਤੀ ਹੈ।
ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ’ਤੇ ਥੋਪੇ ਟੈਟ ਦੇ ਗੈਰ ਸੰਵਿਧਾਨਿਕ ਫ਼ੈਸਲੇ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਜਾਵੇ ਅਤੇ 15 ਮਾਰਚ ਨੂੰ ਮੁਢਲੀ ਨਿਯੁਕਤੀ ਲਈ ਲਿਆ ਜਾ ਰਿਹਾ ਟੈੱਟ ਬੰਦ ਕੀਤਾ ਜਾਵੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੁਨੀਲ ਸ਼ਰਮਾ, ਸੰਜੀਵ ਧੂਤ, ਉਪਕਾਰ ਪੱਟੀ, ਵਿਕਾਸ ਸ਼ਰਮਾ, ਨਰਿੰਦਰ ਅਜਨੋਹਾ, ਜਰਨੈਲ ਸਿੰਘ ਸੀਕਰੀ, ਸੁਸ਼ੀਲ ਪਠਾਣੀਆ, ਬਲਜੀਤ ਸਿੰਘ, ਪਰਮਜੀਤ ਸਿੰਘ ਕਾਤਿਬ, ਸਚਿਨ ਕੁਮਾਰ, ਸਰਬਜੀਤ ਸਿੰਘ ਡੱਫਰ, ਰਾਜ ਕੁਮਾਰ, ਰਣਵੀਰ ਸਿੰਘ, ਚਮਨ ਲਾਲ, ਰਾਜੇਸ਼ ਅਰੋੜਾ, ਪਰਮਜੀਤ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

