Swimming: ਕੈਂਬਰਿਜ ਸਕੂਲ ਓਵਰਆਲ ਚੈਂਪੀਅਨ
ਹੈਰੀਟੇਜ ਸਕੂਲ ਗੁਰੂਗ੍ਰਾਮ ਦੂਜੇ ਅਤੇ ਅੈੱਚ ਡੀ ਅੈੱਫ ਸੀ ਸਕੂਲ ਤੀਜੇ ਸਥਾਨ ’ਤੇ ਰਹੇ
ਮੌਂਟੈਸਰੀ ਕੈਂਬਰਿਜ ਸਕੂਲ ਪਠਾਨਕੋਟ ਵਿੱਚ ਚੱਲ ਰਹੀ ਤਿੰਨ ਰੋਜ਼ਾ ਸੀ ਬੀ ਐੱਸ ਈ ਨਾਰਥ ਜ਼ੋਨ-2 ਲੜਕੀਆਂ ਦੀ ਤੈਰਾਕੀ ਚੈਂਪੀਅਨਸ਼ਿਪ ਸਮਾਪਤ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ’ਤੇ ਮੌਂਟੈਸਰੀ ਕੈਂਬਰਿਜ ਸਕੂਲ ਪਠਾਨਕੋਟ ਨੇ ਕਬਜ਼ਾ ਕੀਤਾ। ਹੈਰੀਟੇਜ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ ਗੁਰੂਗ੍ਰਾਮ ਦੂਜੇ ਅਤੇ ਐੱਚ ਡੀ ਐੱਫ ਸੀ ਸਕੂਲ ਗੁਰੂਗ੍ਰਾਮ ਤੀਜੇ ਸਥਾਨ ’ਤੇ ਰਹੇ।
ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸਾਈਂ ਯੂਨੀਵਰਸਿਟੀ ਦੇ ਚੇਅਰਮੈਨ ਤੁਸ਼ਾਰ ਪੁੰਜ ਸ਼ਾਮਲ ਹੋਏ। ਉਨ੍ਹਾਂ ਨਾਲ ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਸੁਸ਼ਮਾ ਮਹਾਜਨ, ਉਪ-ਚੇਅਰਮੈਨ ਆਕਾਸ਼ ਮਹਾਜਨ ਅਤੇ ਪ੍ਰਿੰਸੀਪਲ ਡਾਇਰੈਕਟਰ ਰਸ਼ਮੀ ਆਹਲੂਵਾਲੀਆ ਵੀ ਹਾਜ਼ਰ ਸਨ। ਸ਼ਖ਼ਸੀਅਤਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਇਨ੍ਹਾਂ ਮੁਕਾਬਲਿਆਂ ਦੇ ਅੰਡਰ-19 ਵਰਗ ਵਿੱਚ ਦਿ ਆਇਰਨ ਸਕੂਲ ਦੀ ਹਰਸ਼ਿਤਾ, ਅੰਡਰ-17 ਵਰਗ ਵਿੱਚ ਮੌਂਟੈਸਰੀ ਕੈਂਬਰਿਜ ਸਕੂਲ ਪਠਾਨਕੋਟ ਦੀ ਸਿੱਧੀ ਜੋਸ਼ੀ, ਅੰਡਰ-14 ਵਰਗ ਵਿੱਚ ਐੱਚ ਡੀ ਐੱਫ ਸੀ ਸਕੂਲ ਗੁਰੂਗ੍ਰਾਮ ਦੀ ਕਾਵਿਆ ਅਤੇ ਅੰਡਰ-11 ਵਰਗ ਵਿੱਚ ਜੀ ਡੀ ਗੋਇਨਕਾ ਸਕੂਲ ਗੁਰੂਗ੍ਰਾਮ ਦੀ ਸ਼ਨਾਇਆ ਨੂੰ ਸਰਵੋਤਮ ਤੈਰਾਕ ਐਲਾਨ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਡਾਇਰੈਕਟਰ ਰਸ਼ਮੀ ਆਹਲੂਵਾਲੀਆ ਨੇ ਸਾਰੇ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਉੱਤਰੀ ਭਾਰਤ ਦੇ 271 ਸਕੂਲਾਂ ਦੀਆਂ ਤੈਰਾਕਾਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਏ ਕੋਚਾਂ, ਤਕਨੀਕੀ ਅਧਿਕਾਰੀਆਂ, ਰੈਫ਼ਰੀਆਂ ਅਤੇ ਮਾਪਿਆਂ ਦਾ ਯੋਗਦਾਨ ਲਈ ਧੰਨਵਾਦ ਕੀਤਾ।

