DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੋਕਾਂ ਦੇ ਵਿਰੋਧ ਮਗਰੋਂ ਮੁਅੱਤਲ ਫ਼ੂਡ ਸੇਫ਼ਟੀ ਇੰਸਪੈਕਟਰ ਅਭਿਨਵ ਖੋਸਲਾ ਨੂੰ ਕੀਤਾ ਗਿਆ ਬਹਾਲ

ਖੋਸਲਾ ਨੂੰ ਫ਼ਿਰੋਜ਼ਪੁਰ ਵਿੱਚ ਹੀ ਰੱਖਿਆ ਜਾਵੇਗਾ ਤਾਇਨਾਤ

  • fb
  • twitter
  • whatsapp
  • whatsapp
Advertisement

ਵੱਖ-ਵੱਖ ਸਮਾਜਿਕ ਜਥੇਬੰਦੀਆਂ ਅਤੇ ਐੱਨ ਜੀ ਓਜ਼ (NGOs) ਵੱਲੋਂ ਚਲਾਈ ਗਈ ਮੁਹਿੰਮ ਅਤੇ ਕੀਤੇ ਗਏ ਵੱਡੇ ਵਿਰੋਧ ਪ੍ਰਦਰਸ਼ਨਾਂ ਮਗਰੋਂ ਸਿਹਤ ਵਿਭਾਗ ਨੇ ਮੁਅੱਤਲ ਕੀਤੇ ਫ਼ੂਡ ਸੇਫ਼ਟੀ ਇੰਸਪੈਕਟਰ ਅਭਿਨਵ ਖੋਸਲਾ ਨੂੰ ਬਹਾਲ ਕਰ ਦਿੱਤਾ ਹੈ।

ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਸੁਖਵੀਰ ਕੌਰ ਨੇ ਦੱਸਿਆ ਕਿ ਖੋਸਲਾ ਨੂੰ ਬਹਾਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਫ਼ਿਰੋਜ਼ਪੁਰ ਵਿੱਚ ਹੀ ਤਾਇਨਾਤ ਰੱਖਿਆ ਜਾਵੇਗਾ।

Advertisement

ਫ਼ਿਰੋਜ਼ਪੁਰ ਲੋਕ ਲਹਿਰ ਸਮੂਹ ਦੇ ਮੁਹਿੰਮ ਕਨਵੀਨਰ ਅਤੇ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਅਤੇ ਖੋਸਲਾ ਦੇ ਸਮਰਥਨ ਵਿੱਚ ਮੁਹਿੰਮ ਦੀ ਅਗਵਾਈ ਕਰਨ ਵਾਲੇ ਐਡਵੋਕੇਟ ਰੋਹਿਤ ਅਰੋੜਾ ਨੇ ਇਸ ਫੈਸਲੇ ਨੂੰ ਫ਼ਿਰੋਜ਼ਪੁਰ ਦੇ ਲੋਕਾਂ ਲਈ ਨੈਤਿਕ ਜਿੱਤ ਦੱਸਿਆ। ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਇਮਾਨਦਾਰ ਅਧਿਕਾਰੀ ਨਾਲ ਗਲਤ ਹੋ ਰਿਹਾ ਹੈ ਅਤੇ ਉਹ ਇਸ ਦੇ ਵਿਰੁੱਧ ਖੜ੍ਹੇ ਹੋਏ।

Advertisement

ਗੁਰਨਾਮ ਸਿੰਘ ਨੇ ਕਿਹਾ, "ਇਹ ਫ਼ਿਰੋਜ਼ਪੁਰ ਦੇ ਲੋਕਾਂ ਦੀ ਜਿੱਤ ਹੈ, ਜੋ ਸੱਚ ਦੇ ਸਮਰਥਨ ਵਿੱਚ ਅੱਗੇ ਆਏ। ਖੋਸਲਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਸਨ ਅਤੇ ਲੋਕ ਵੀ ਉਨ੍ਹਾਂ ਦੇ ਕੰਮ ਤੋਂ ਖ਼ੁਸ਼ ਸਨ। ਵਿਭਾਗ ਨੇ ਉਨ੍ਹਾਂ ਨੂੰ ਬਹਾਲ ਕਰਕੇ ਸਹੀ ਫ਼ੈਸਲਾ ਲਿਆ ਹੈ, ਜਿਸ ਦੀ ਸ਼ਲਾਘਾ ਹੋਣੀ ਚਾਹੀਦੀ ਹੈ।"

ਜ਼ਿਕਰਯੋਗ ਹੈ ਕਿ ਖੋਸਲਾ ਨੂੰ 1 ਅਕਤੂਬਰ ਨੂੰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਪੰਜਾਬ) ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਵੱਲੋਂ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 8 ਤਹਿਤ ਮੁਅੱਤਲ ਕੀਤਾ ਗਿਆ ਸੀ। ਵਿਭਾਗ ਨੇ ਉਨ੍ਹਾਂ ਦੀ ਮੁਅੱਤਲੀ ਦੇ ਠੋਸ ਕਾਰਨਾਂ ਦਾ ਖ਼ੁਲਾਸਾ ਨਹੀਂ ਕੀਤਾ ਸੀ।

ਇਹ ਬਹਾਲੀ ਵੱਖ-ਵੱਖ ਜਥੇਬੰਦੀਆਂ ਦੇ ਪ੍ਰਦਰਸ਼ਨਾਂ ਦਰਮਿਆਨ ਹੋਈ ਹੈ, ਜਿਨ੍ਹਾਂ ਨੇ ਮੁਅੱਤਲੀ ਰੱਦ ਕਰਨ ਅਤੇ ਖੋਸਲਾ ਨੂੰ ਮੁੜ ਫ਼ਿਰੋਜ਼ਪੁਰ ਵਿੱਚ ਹੀ ਤਾਇਨਾਤ ਕਰਨ ਦੀ ਮੰਗ ਕੀਤੀ ਸੀ। ਖੋਸਲਾ ਦੇ ਹੱਕ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਛਾਉਣੀ ਖੇਤਰ ਵਿੱਚ ਚੁੰਗੀ ਨੰਬਰ 7 ਨੇੜੇ ਕੌਮੀ ਹਾਈਵੇ-5 'ਤੇ ਕਈ ਘੰਟੇ ਜਾਮ ਲਗਾਇਆ ਸੀ।

ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਵੀ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਜ਼ੀਰਾ ਵਿਖੇ ਰੋਸ ਮਾਰਚ ਕੱਢਿਆ ਸੀ ਅਤੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੰਵਲਪ੍ਰੀਤ ਬਰਾੜ ਦੇ ਪੁਤਲੇ ਫੂਕੇ ਸਨ।

ਉੱਥੇ ਹੀ ਸੰਪਰਕ ਕਰਨ 'ਤੇ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਿਆ ਸੀ। ਖੋਸਲਾ ਨੇ ਕਿਹਾ, "ਉਨ੍ਹਾਂ ਨੇ ਮੇਰੀ ਗੱਲ ਬੜੇ ਧੀਰਜ ਤੇ ਹਮਦਰਦੀ ਨਾਲ ਸੁਣੀ ਅਤੇ ਮੇਰੀ ਗ਼ਲਤੀ ਮੁਆਫ਼ ਕਰਦਿਆਂ ਮੈਨੂੰ ਪੂਰੀ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਆਪਣੀ ਡਿਊਟੀ ਨਿਭਾਉਣ ਦਾ ਇੱਕ ਹੋਰ ਮੌਕਾ ਦਿੱਤਾ।" ਉਨ੍ਹਾਂ ਕਿਹਾ ਕਿ ਉਹ ਫ਼ਿਰੋਜ਼ਪੁਰ ਦੇ ਲੋਕਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਲਈ ਲੜਾਈ ਲੜੀ।

ਖੋਸਲਾ ਨੇ ਕਿਹਾ, "ਮੈਂ ਵਿਭਾਗ ਅਤੇ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਉਨ੍ਹਾਂ ਦਾ ਭਰੋਸਾ ਕਦੇ ਟੁੱਟਣ ਨਹੀਂ ਦੇਵਾਂਗਾ ਅਤੇ ਪਹਿਲਾਂ ਨਾਲੋਂ ਵੀ ਵੱਧ ਮਿਹਨਤ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਉਨ੍ਹਾਂ ਦੀ ਸੇਵਾ ਕਰਾਂਗਾ।"

Advertisement
×