Sultanpur Lodhi Bus Stand: ਸੱਤ ਸਾਲਾਂ ’ਚ ਖੰਡਰ ਬਣਿਆ ਕਰੋੜਾਂ ਦਾ ਬੱਸ ਅੱਡਾ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਾਲਤ ਸੰਵਾਰਨ ਦੀ ਮੰਗ
ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦਾ ਬੱਸ ਅੱਡਾ ਅੱਜ ਆਪਣੀ ਬਦਹਾਲੀ ਕਾਰਨ ਚਰਚਾ ਵਿੱਚ ਹੈ। 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਬੱਸ ਅੱਡਾ ਮਹਿਜ਼ ਸੱਤ ਸਾਲਾਂ ਵਿੱਚ ਹੀ ਖਸਤਾ ਹਾਲਤ ਵਿੱਚ ਪਹੁੰਚ ਗਿਆ ਹੈ। ਕੰਧਾਂ ਤੋਂ ਪਲੱਸਤਰ ਉੱਖੜ ਰਿਹਾ ਹੈ ਅਤੇ ਬਰਸਾਤ ਦੌਰਾਨ ਛੱਤਾਂ ਵਿੱਚੋਂ ਪਾਣੀ ਟਪਕਦਾ ਹੈ। ਕਦੇ ਬੋਹੜ ਦੇ ਦਰੱਖਤ ਹੇਠੋਂ ਬੱਸਾਂ ਚੱਲਣ ਵਾਲੀ ਇਸ ਨਗਰੀ ਵਿੱਚ ਨਵੇਂ ਬੱਸ ਅੱਡੇ ਦੀ ਉਸਾਰੀ ਨਾਲ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਮਿਲਣ ਦੀ ਉਮੀਦ ਜਾਗੀ ਸੀ ਪਰ ਅੱਜ ਇਮਾਰਤ ਦੀ ਹਾਲਤ ਦੇਖ ਕੇ ਲੋਕ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ। ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸੰਗਤ ਦੇ ਸੁਲਤਾਨਪੁਰ ਲੋਧੀ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਸ਼ਹਿਰ ਦੇ ਬੱਸ ਅੱਡੇ ਦੀ ਬਦਹਾਲੀ ਪ੍ਰਸ਼ਾਸਨ ਦੀਆਂ ਤਿਆਰੀਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਇਨਸਾਨੀਅਤ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਪ੍ਰਧਾਨ ਸਰਦੂਲ ਸਿੰਘ ਥਿੰਦ, ਸਮਾਜ ਸੇਵੀ ਮਨੋਜ ਸ਼ਰਮਾ, ਨਿਰਮਲ ਸਿੰਘ ਹੈਪੀ, ਬਲਵਿੰਦਰ ਸਿੰਘ ਲਾਡੀ ਅਤੇ ਸਤੀਸ਼ ਟਕਸਾਲੀ ਨੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬੱਸ ਅੱਡੇ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।
ਸਰਕਾਰ ਵੱਲੋਂ ਕੋਈ ਵੱਖਰਾ ਫੰਡ ਨਹੀਂ ਮਿਲਦਾ: ਕਾਰਜਸਾਧਕ ਅਫ਼ਸਰ
ਕਾਰਜ ਸਾਧਕ ਅਫਸਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਕਮਲਜੀਤ ਸਿੰਘ ਨੇ ਕਿਹਾ ਕਿ ਬੱਸ ਅੱਡੇ ਦੇ ਰੱਖ-ਰਖਾਅ ਲਈ ਕੰਟੀਨ ਦਾ ਠੇਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਹੋਣ ਵਾਲੀ ਆਮਦਨ ਵਿੱਚੋਂ ਹੀ ਬੱਸ ਅੱਡੇ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੂੰ ਸਰਕਾਰ ਵੱਲੋਂ ਅੱਡੇ ਦੇ ਰੱਖ-ਰਖਾਅ ਲਈ ਕੋਈ ਵੱਖਰਾ ਫੰਡ ਪ੍ਰਾਪਤ ਨਹੀਂ ਹੁੰਦਾ। ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਬੱਸ ਅੱਡੇ ਦੀ ਮੌਜੂਦਾ ਹਾਲਤ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦੀ ਸਾਂਭ-ਸੰਭਾਲ ਲਈ ਸਰਕਾਰ ਤੋਂ ਵੱਖਰਾ ਫੰਡ ਜਾਰੀ ਕਰਨ ਦੀ ਮੰਗ ਵੀ ਕੀਤੀ ਜਾਵੇਗੀ।

