ਸਰਬਜੀਤ ਗਿੱਲ
ਫਿਲੌਰ, 26 ਅਕਤੂਬਰ
ਪਿੰਡ ਮਾਓ ਸਾਹਿਬ ਦੇ ਕਿਸਾਨ ਤਰਲੋਚਨ ਸਿੰਘ ਨੇ ਕਰਜ਼ੇ ਕਾਰਨ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੰਚ ਵਿੱਕੀ ਨੇ ਦੱਸਿਆ ਕਿ ਤਰਲੋਚਨ ਸਿੰਘ ਅੱਠ ਦਸ ਕਨਾਲਾਂ ਦਾ ਮਾਲਕ ਸੀ ਪਰ ਉਹ 75 ਖੇਤਾਂ ਦੇ ਕਰੀਬ ਖੇਤੀ ਕਰਦਾ ਸੀ। ਪਿਛਲੇ ਸਾਲ ਆਏ ਹੜ੍ਹਾਂ ਕਾਰਨ ਉਸ ਦੀ ਬਹੁਤੀ ਫ਼ਸਲ ਤਬਾਹ ਹੋ ਗਈ ਸੀ ਅਤੇ ਉਸ ਨੂੰ ਮੁਆਵਜ਼ੇ ਦੇ ਰੂਪ ’ਚ ਕੁੱਝ ਵੀ ਨਹੀਂ ਮਿਲਿਆ ਸੀ। ਕਿਸਾਨ ਆਗੂ ਸਰਬਜੀਤ ਢੰਡਾ ਨੇ ਦੱਸਿਆ ਕਿ ਉਹ ਲਗਾਤਾਰ ਕਿਸਾਨ ਮੋਰਚਿਆਂ ’ਚ ਵੀ ਜਾਂਦਾ ਸੀ ਅਤੇ ਲੰਘੀ ਰਾਤ ਵੀ ਉਹ ਘਰ ਇਹ ਕਹਿ ਕੇ ਗਿਆ ਕਿ ਉਹ ਧਰਨੇ ’ਤੇ ਜਾ ਰਿਹਾ ਹੈ, ਮਗਰੋਂ ਉਸ ਨੇ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਤੋਂ ਪੈਸੇ ਲੈਣ ਲਈ ਇੱਕ ਗੱਡੀ ’ਚ ਸਵਾਰ ਕੁਝ ਲੋਕ ਉਸ ਨੂੰ ਲੱਭ ਰਹੇ ਸਨ। ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਉਸ ਦੇ ਚਾਚੇ ਸਿਰ ਬੈਂਕ ਦੇ ਕਰਜ਼ੇ ਤੋਂ ਬਿਨ੍ਹਾਂ ਪੈਂਤੀ ਚਾਲੀ ਲੱਖ ਦਾ ਹੋਰ ਕਰਜ਼ਾ ਸੀ। ਜਮਹੂਰੀ ਕਿਸਾਨ ਸਭਾ ਨੇ ਮ੍ਰਿਤਕ ਦੇ ਪਰਿਵਾਰ ਨੂੰ ਨੌਕਰੀ ਅਤੇ ਹਰ ਤਰ੍ਹਾਂ ਦੇ ਕਰਜ਼ੇ ’ਤੇ ਲੀਕ ਫੇਰਨ ਦੀ ਮੰਗ ਕੀਤੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।