ਜਲੰਧਰ (ਨਿੱਜੀ ਪੱਤਰ ਪ੍ਰੇਰਕ): ਬੀਤੇ ਦਿਨੀਂ ਥਾਣਾ ਛਾਉਣੀ ਦੇ ਅਧੀਨ ਆਉਂਦੇ ਦਕੋਹਾ ਫਾਟਕ ਨੇੜੇ ਫੌਤ ਹੋਈ ਈਸਾਈ ਭਾਈਚਾਰੇ ਨਾਲ ਸਬੰਧਤ ਮਨਜੀਤ ਕੌਰ (40) ਪਤਨੀ ਬਲਜਿੰਦਰ ਸਿੰਘ ਦੀ ਲਾਸ਼ ਦਫ਼ਨਾਉਣ ਨੂੰ ਲੈ ਕੇ ਪਿੰਡ ਰੰਧਾਵਾ ਮਸੰਦਾਂ ਵਿਚ ਸਥਿਤੀ ਤਣਾਅਪੂਰਨ ਬਣ ਗਈ ਹੈ। ਮ੍ਰਿਤਕਾ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਪਿੰਡ ਦੀ ਪੰਚਾਇਤ ਕੋਲੋਂ ਲਾਸ਼ ਨੂੰ ਸ਼ਮਸ਼ਾਨਘਾਟ ਵਿੱਚ ਦਫਨਾਉਣ ਦੀ ਮੰਗ ਕੀਤੀ ਤਾਂ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ। ਪੰਚਾਇਤ ਵੱਲੋਂ ਲਾਸ਼ ਦਫਨਾਉਣ ਤੋਂ ਮਨ੍ਹਾਂ ਕਰਨ ’ਤੇ ਈਸਾਈ ਭਾਈਚਾਰੇ ਨਾਲ ਸਬੰਧਤ ਲੋਕ ਇਕੱਠੇ ਹੋ ਗਏ ਤੇ ਪੰਚਾਇਤ ਕੋਲੋਂ ਸਥਾਨ ਦੀ ਮੰਗ ਕੀਤੀ ਪਰ ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਗੈਰ ਸਥਾਨ ਮੁਹੱਈਆ ਨਹੀਂ ਕਰਵਾ ਸਕਦੇ। ਥਾਣਾ ਮਕਸੂਦਾਂ ਦੇ ਐੱਸਆਈ ਰਘਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।