Sports Achievement: ਹੁਸ਼ਿਆਰਪੁਰ ਦੀਆਂ ਦੋ ਖਿਡਾਰਨਾਂ ਪੰਜਾਬ ਕੈਂਪ ਲਈ ਚੁਣੀਆਂ
ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਐੱਚ ਡੀ ਸੀ ਏ) ਸੈਂਟਰ ਤੋਂ ਲਗਾਤਾਰ ਸਿਖਲਾਈ ਲੈ ਰਹੀਆਂ ਦੋ ਹੋਣਹਾਰ ਮਹਿਲਾ ਕ੍ਰਿਕਟ ਖਿਡਾਰਨਾਂ ਸੁਰਭੀ ਅਤੇ ਅਰੂਸ਼ੀ ਠਾਕੁਰ ਨੇ ਖੇਡਾਂ ਦੇ ਖੇਤਰ ਵਿੱਚ ਵੱਡੀ ਮੱਲ ਮਾਰਦਿਆਂ ਪੰਜਾਬ ਅੰਡਰ-19 ਕੈਂਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ...
ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਐੱਚ ਡੀ ਸੀ ਏ) ਸੈਂਟਰ ਤੋਂ ਲਗਾਤਾਰ ਸਿਖਲਾਈ ਲੈ ਰਹੀਆਂ ਦੋ ਹੋਣਹਾਰ ਮਹਿਲਾ ਕ੍ਰਿਕਟ ਖਿਡਾਰਨਾਂ ਸੁਰਭੀ ਅਤੇ ਅਰੂਸ਼ੀ ਠਾਕੁਰ ਨੇ ਖੇਡਾਂ ਦੇ ਖੇਤਰ ਵਿੱਚ ਵੱਡੀ ਮੱਲ ਮਾਰਦਿਆਂ ਪੰਜਾਬ ਅੰਡਰ-19 ਕੈਂਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਸ ਬਾਰੇ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪਟਿਆਲਾ ਵਿੱਚ ਲੱਗਣ ਵਾਲੇ ਇੱਕ ਹਫ਼ਤੇ ਦੇ ਕੈਂਪ ਦੌਰਾਨ ਇਨ੍ਹਾਂ ਦੋਵਾਂ ਖਿਡਾਰਨਾਂ ਨੂੰ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕੈਂਪ ਦੌਰਾਨ ਕਰਵਾਏ ਜਾਣ ਵਾਲੇ ਅਭਿਆਸ ਮੈਚਾਂ ਵਿੱਚ ਵਧੀਆ ਖੇਡ ਦਿਖਾਉਣ ਵਾਲੀਆਂ ਖਿਡਾਰਨਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੀ ਪੰਜਾਬ ਅੰਡਰ-19 ਟੀਮ ਦੀ ਅੰਤਿਮ ਚੋਣ ਕੀਤੀ ਜਾਵੇਗੀ।
ਇਨ੍ਹਾਂ ਖਿਡਾਰਨਾਂ ਦੀ ਚੋਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਘਈ ਨੇ ਦੱਸਿਆ ਕਿ ਸੁਰਭੀ ਦਾ ਖੇਡ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ ਅਤੇ ਉਹ ਪਹਿਲਾਂ ਵੀ ਪੰਜਾਬ ਦੀ ਅੰਡਰ-15, ਅੰਡਰ-19 ਅਤੇ ਅੰਡਰ-23 ਟੀਮ ਵੱਲੋਂ ਖੇਡ ਚੁੱਕੀ ਹੈ। ਇਸ ਪ੍ਰਾਪਤੀ ਉੱਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਾਹਨੀ ਅਤੇ ਯੋਗਰਾਜ ਸ਼ਰਮਾ, ਮੁੱਖ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ ਅਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ ਨੇ ਸੁਰਭੀ ਅਤੇ ਅਰੂਸ਼ੀ ਨੂੰ ਉਚੇਚੇ ਤੌਰ ਉੱਤੇ ਵਧਾਈ ਦਿੱਤੀ ਹੈ।
ਗੁਰੂ ਨਾਨਕ ਦੇਵ ’ਵਰਸਿਟੀ ਦੇ 11 ਖਿਡਾਰੀ ਏਸ਼ਿਆਈ ਖੇਡਾਂ ਖੇਡਣਗੇ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 11 ਖਿਡਾਰੀ ਜਪਾਨ ਚੱਲ ਰਹੀਆਂ ਏਸ਼ਿਆਈ ਖੇਡਾਂ 2026 ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਨ੍ਹਾਂ ਵਿੱਚ ਚਾਰ ਨਿਸ਼ਾਨੇਬਾਜ਼, ਪੰਜ ਫੈਂਸਰ ਅਤੇ ਦੋ ਸਾਈਕਲਿਸਟ ਸ਼ਾਮਲ ਹਨ। ਇਹ ਜਾਣਕਾਰੀ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਨੇ ਪੁਰਸ਼ ਅਤੇ ਮਹਿਲਾ ਖੇਡ ਕਮੇਟੀਆਂ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਸਾਂਝੀ ਕੀਤੀ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਇਸ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਸਾਬਕਾ ਨਿਸ਼ਾਨੇਬਾਜ਼ ਅਖਿਲ ਸ਼ੇਰੋਨ ਦੀ ਅਰਜੁਨ ਐਵਾਰਡ ਲਈ ਚੋਣ ’ਤੇ ਵੀ ਖੁਸ਼ੀ ਜਤਾਈ ਗਈ। ਮੀਟਿੰਗ ਦੌਰਾਨ ਸਾਲ 2026-27 ਲਈ ਨਵੀਂ ਚੋਣ ਕੀਤੀ ਗਈ। ਇਸ ਤਹਿਤ ਜੀ ਐੱਨ ਕਾਲਜ ਫਗਵਾੜਾ ਦੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਨੂੰ ਪੁਰਸ਼ ਕਮੇਟੀ ਅਤੇ ਬੀ ਬੀ ਕੇ ਡੀ ਏ ਵੀ ਕਾਲਜ ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਮਹਿਲਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।

