
ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਮੰਤਰੀ ਬਲਬੀਰ ਸਿੰਘ। -ਫੋਟੋ: ਮਲਕੀਤ ਸਿੰਘ
ਹਤਿੰਦਰ ਮਹਿਤਾ
ਜਲੰਧਰ, 17 ਮਾਰਚ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ 1.15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਬਰਨ ਯੂਨਿਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਯੂਨਿਟ ਮਰੀਜ਼ਾਂ ਦੇ ਸੁਚੱਜੇ ਇਲਾਜ ਅਤੇ ਦੇਖਭਾਲ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ। ਵਿਧਾਇਕ ਰਮਨ ਅਰੋੜਾ ਅਤੇ ਵਿਧਾਇਕ ਬਲਕਾਰ ਸਿੰਘ ਸਮੇਤ ਬਰਨ ਯੂਨਿਟ ਦਾ ਉਦਘਾਟਨ ਕਰਨ ਉਪਰੰਤ ਸਿਹਤ ਮੰਤਰੀ ਨੇ ਸਾਰੇ ਯੂਨਿਟ ਦਾ ਚੱਕਰ ਲਗਾਉਂਦਿਆਂ ਵੈਂਟੀਲੇਟਰ ਅਤੇ ਮਸ਼ੀਨਾਂ ਨਾਲ ਲੈਸ ਬੈਡਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਲਈ ਮਾਹਿਰ ਡਾਕਟਰਾਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੈੱਲਨੈੱਸ ਸੈਂਟਰ ਵੀ ਪਹਿਲਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਆਮ ਆਦਮੀ ਕਲੀਨਿਕਾਂ ’ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 41 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ ਨੂੰ ਪ੍ਰਾਪਤੀਆਂ ਭਰਿਆ ਸਾਲ ਕਰਾਰ ਦਿੱਤਾ ਹੈ। ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਵਿਧਾਇਕਾਂ, ਡੀਸੀ ਸਣੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਕਾਰਜਾਂ ਤੇ ਸਕੀਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ