ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਮਈ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਥਾਨਾ ਵਿਖੇ ਬਣੇ ਥਾਨਾ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਪ੍ਰੋਜੈਕਟ ਦੌਰਾ ਕੀਤਾ ਅਤੇ ਪ੍ਰੋਜੈਕਟ ਵਿਚ ਮੌਜੂਦ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਜਸਵੀਰ ਸਿੰਘ ਗਿੱਲ, ਜੈ ਕ੍ਰਿਸ਼ਨ ਸਿੰਘ ਰੋੜੀ, ਕਰਮਬੀਰ ਸਿੰਘ ਘੁੰਮਣ, ਕੰਜ਼ਰਵੇਟਰ ਫੋਰੈਸਟ ਡਾ. ਸੰਜੀਵ ਤਿਵਾੜੀ, ਜ਼ਿਲ੍ਹਾ ਵਣ ਅਧਿਕਾਰੀ ਅਮਨੀਤ ਸਿੰਘ ਆਦਿ ਹਾਜ਼ਰ ਸਨ। ਸ੍ਰੀ ਸੰਧਵਾਂ ਨੇ ਕਿਹਾ ਕਿ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਪ੍ਰੋਜੈਕਟ ਸੂਬੇ ਵਿਚ ਈਕੋ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਇਕ ਚਾਨਣ ਮੁਨਾਰਾ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿਚ ਆਪਣੇ ਕਿਸਮ ਦੇ ਅਨੋਖੇ 3 ਲੇਕ ਫੇਸਿੰਗ ਈਕੋ ਟੈਂਟ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਇਸ ਪ੍ਰੋਜੈਕਟ ਤਹਿਤ ਚਲਾਈ ਜਾ ਰਹੀ ਜੰਗਲ ਸਫ਼ਾਰੀ ਦਾ ਵੀ ਆਨੰਦ ਮਾਣਿਆ।