ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਵਿਰੁੱਧ ਨਾਅਰੇਬਾਜ਼ੀ
ਪੱਤਰ ਪ੍ਰੇਰਕ ਪਠਾਨਕੋਟ, 21 ਅਗਸਤ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਪਠਾਨਕੋਟ ਵਿੱਚ ਰਲਵਾਂ-ਮਿਲਵਾਂ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ, ਜਦੋਂ ਕਿ ਪ੍ਰਾਈਵੇਟ ਸਕੂਲ ਅਤੇ ਬੱਸ ਸੇਵਾਵਾਂ ਮੁਅੱਤਲ ਰਹੀਆਂ।...
ਪੱਤਰ ਪ੍ਰੇਰਕ
ਪਠਾਨਕੋਟ, 21 ਅਗਸਤ
ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਪਠਾਨਕੋਟ ਵਿੱਚ ਰਲਵਾਂ-ਮਿਲਵਾਂ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ, ਜਦੋਂ ਕਿ ਪ੍ਰਾਈਵੇਟ ਸਕੂਲ ਅਤੇ ਬੱਸ ਸੇਵਾਵਾਂ ਮੁਅੱਤਲ ਰਹੀਆਂ। ਪਠਾਨਕੋਟ ਬੱਸ ਸਟੈਂਡ ਤੇ ਆਮ ਨਾਲੋਂ ਘੱਟ ਭੀੜ ਸੀ। ਬੱਸ ਸਟੈਂਡ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਖਾਲੀ ਰਿਹਾ। ਸਰਕਾਰੀ ਬੱਸਾਂ ਵੀ ਨਹੀਂ ਪਹੁੰਚੀਆਂ। ਇਸ ਦੌਰਾਨ, ਵੱਖ-ਵੱਖ ਸੰਸਥਾਵਾਂ ਵੱਲੋਂ ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਲਦਪਾਲਵਾਂ ਟੋਲ ਪਲਾਜ਼ਾ ਨੂੰ ਦੁਪਹਿਰ 2 ਵਜੇ ਤੱਕ ਜਾਮ ਕਰਕੇ ਧਰਨਾ ਦਿੱਤਾ ਗਿਆ।
ਮੁਕੇਰੀਆਂ (ਪੱਤਰ ਪ੍ਰੇਰਕ): ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਸਮਰਥਨ ਵਿੱਚ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਵੱਲੋਂ ਪੂਰਨ ਤੌਰ ’ਤੇ ਬੰਦ ਰੱਖਿਆ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਜਰਨਲ ਸਕੱਤਰ ਉਂਕਾਰ ਸਿੰਘ ਪੁਰਾਨਾ ਭੰਗਾਲਾ, ਦਲ ਪੰਥ ਮਿਸਲ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦੇ ਜਥੇਦਾਰ ਬਾਬਾ ਗੁਰਦੇਵ ਸਿੰਘ ਆਦਿ ਨੇ ਕੀਤੀ। ਇਸ ਦੌਰਾਨ ਜਲੰਧਰ ਪਠਾਨਕੋਟ ਕੌਮੀ ਮਾਰਗ ’ਤੇ ਅੱਡਾ ਨਵਾਂ ਭੰਗਾਲਾ ਅਤੇ ਮੁਕੇਰੀਆਂ ਵਿਖੇ ਚੱਕਾ ਜਾਮ ਕਰਕੇ 7 ਵਜੇ ਤੋ 2 ਵਜੇ ਤੱਕ ਪੂਰਨ ਤੌਰ ’ਤੇ ਆਵਾਜਾਈ ਠੱਪ ਰੱਖੀ ਗਈ।
ਧਾਰੀਵਾਲ (ਪੱਤਰ ਪ੍ਰੇਰਕ): ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸ਼ਹਿਰ ਧਾਰੀਵਾਲ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ, ਵਿੱਦਿਅਕ ਸੰਸਥਾਵਾਂ, ਵਪਾਰਿਕ ਅਦਾਰੇ ਆਦਿ ਮੁਕੰਮਲ ਤੌਰ ’ਤੇ ਬੰਦ ਰਹੇ।
ਤਲਵਾੜਾ (ਪੱਤਰ ਪ੍ਰੇਰਕ): ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਤਲਵਾੜਾ ’ਚ ਮਿਲਿਆ ਜੁਲਿਆ ਅਸਰ ਦਿਖਾਈ ਦਿੱਤਾ। ਮੋਰਚੇ ਵੱਲੋਂ ਸਵੇਰੇ 7 ਤੋਂ ਬਾਅਦ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਸ਼ਹਿਰ ’ਚ ਬਜ਼ਾਰ ਖੁੱਲ੍ਹੇ ਰਹੇ, ਹਾਲਾਂਕਿ ਸੜਕਾਂ ’ਤੇ ਆਵਾਜਾਈ ਨਾ ਮਾਤਰ ਸੀ, ਪਬਲਿਕ ਟਰਾਂਸਪੋਰਟ ਬੰਦ ਰਹੀ।
ਬਲਾਚੌਰ (ਪੱਤਰ ਪ੍ਰੇਰਕ): ਕੌਮੀ ਇਨਸਾਫ ਮੋਰਚਾ ਵਲੋਂ ਰੂਪਨਗਰ-ਬਲਾਚੌਰ ਕੌਮੀ ਮਾਰਗ ਹਾਈਵੇ ਉੱਪਰ ਟੋਲ ਪਲਾਜਾ ਬਛੂਆਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਤੌਰ ਬੰਦ ਰੱਖਿਆ ਗਿਆ। ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਗਈ ਅਤੇ ਨਾਅਰੇਬਾਜ਼ੀ ਕੀਤੀ ਗਈ। ਜਿਸ ਕਾਰਨ ਦੋਹਾਂ ਪਾਸੇ ਤੇ ਟਰੈਫਿਕ ਜਾਮ ਹੋ ਗਿਆ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਸ਼ਾਹਕੋਟ/ਨਕੋਦਰ (ਪੱਤਰ ਪ੍ਰੇਰਕ): ਕੌਮੀ ਇੰਨਸਾਫ ਮੋਰਚਾ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਪੰਥਕ ਮੁੱਦੇ ਹੱਲ ਕਰਵਾਉਣ ਅਤੇ ਚੰਡੀਗੜ੍ਹ ਵਿਚ ਕੀਤੇ ਪੁਲੀਸ ਜਬਰ ਦੇ ਖਿਲਾਫ ਪੰਜਾਬ ਬੰਦ ਦੇ ਦਿਤੇ ਸੱਦੇ ’ਤੇ ਅੱਜ ਸ਼ਾਹਕੋਟ, ਲੋਹੀਆਂ ਖਾਸ, ਮਹਿਤਪੁਰ, ਨਕੋਦਰ, ਉੱਗੀ ਅਤੇ ਮੱਲ੍ਹੀਆਂ ਕਲਾਂ ਦੇ ਬਜ਼ਾਰ ਪੂਰੀ ਤਰਾਂ ਬੰਦ ਰਹੇ।

